ਪੰਜਾਬੀ ਯੂਨੀਵਰਸਿਟੀ ’ਚ ਸੈਮੀਨਾਰ ਕਰਵਾਇਆ
ਪੰਜਾਬੀ ਯੂਨੀਵਰਸਿਟੀ ਵਿਖੇ ‘ਗੁਰਮੁਖੀ ਹੱਥ ਲਿਖਤਾਂ: ਲਿਪੀਆਸਣ ਅਤੇ ਸਾਂਭ-ਸੰਭਾਲ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ
Publish Date: Wed, 19 Nov 2025 06:27 PM (IST)
Updated Date: Wed, 19 Nov 2025 06:28 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਿਰਦਾਰ ਕਪੂਰ ਸਿੰਘ ਯਾਦਗਾਰੀ ਭਾਸ਼ਣ ਲੜੀ ਤਹਿਤ ‘ਗੁਰਮੁਖੀ ਹੱਥ ਲਿਖਤਾਂ: ਲਿਪੀਆਸਣ ਅਤੇ ਸਾਂਭ-ਸੰਭਾਲ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਡਾ. ਜਤਿੰਦਰ ਪਾਲ ਸਿੰਘ, ਅਸਿਸਟੈਂਟ ਪ੍ਰੋਫੈਸਰ, ਗੌਰਮਿੰਟ ਰਣਬੀਰ ਕਾਲਜ, ਸੰਗਰੂਰ ਨੇ ਆਪਣੇ ਭਾਸ਼ਣ ’ਚ ਕਠੋਰ ਲਿਪੀਆਸਣ ਅਤੇ ਕੋਮਲ ਲਿਪੀਆਸਣ ਦੀ ਵਿਸਥਾਰ ਸਹਿਤ ਅਤੇ ਪੀ.ਪੀ.ਟੀ. ਪੇਸ਼ਕਾਰੀ ਰਾਹੀਂ ਵਿਆਖਿਆ ਕੀਤੀ। ਉਨ੍ਹਾਂ ਆਪਣੇ ਭਾਸ਼ਣ ’ਚ ਹੱਥ ਲਿਖਤਾਂ ਦੀ ਸਾਂਭ-ਸੰਭਾਲ ਤੇ ਵਿਸ਼ੇਸ਼ ਜੋਰ ਦਿੱਤਾ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਡਾ. ਅਮਰ ਸਿੰਘ, ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪੁਰਾਤਨ ਵਿਧੀ ਅਤੇ ਹੱਥ ਲਿਖਤ ਗ੍ਰੰਥਾਂ ਦੀ ਮੀਨਾਕਾਰੀ/ਚਿਤਰਕਾਰੀ ਬਾਰੇ ਭਰਪੂਰ ਜਾਣਕਾਰੀ ਦਿੱਤੀ। ਵਿਭਾਗ ਮੁਖੀ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਸਵਾਗਤੀ ਸ਼ਬਦ ਬੋਲਦਿਆਂ ਗੁਰਮੁਖੀ ਹੱਥ ਲਿਖਤਾਂ ਦੀ ਮਹਾਨਤਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਅੰਤ ’ਚ ਸੈਮੀਨਾਰ ਦੇ ਕੋਆਰਡੀਨੇਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗੁਰਮੇਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ।