Patiala News : ਨਾਭਾ ਦੀ ਖੇਤੀਬਾੜੀ ਜੇਲ੍ਹ 'ਚ ਕੈਦੀਆਂ ਨੇ ਕੀਤੀ ਭੁੱਖ ਹੜਤਾਲ, ਸੁਪਰਡੈਂਟ ’ਤੇ ਦੁਰਵਿਹਾਰ ਤੇ ਫਾਈਲਾਂ ਨਾ ਭੇਜਣ ਦੇ ਲਾਏ ਦੋਸ਼
ਸਥਾਨਕ ਖੁੱਲ੍ਹੀ ਖੇਤੀਬਾੜੀ ਜੇਲ੍ਹ ਵਿਚ ਦੇ ਕੈਦੀਆਂ ਵਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕੈਦੀਆਂ ਨੇ ਜੇਲ੍ਹ ਸੁਪਰਡੈਂਟ ’ਤੇ ਦੁਰਵਿਹਾਰ ਕਰਨ ਤੇ ਉਨਾਂ ਦੀਆਂ ਫਾਇਲਾਂ ਉਚ ਅਧਿਕਾਰੀਆਂ ਤੱਕ ਨਾ ਪਹੁੰਚਾਉਣ ਦਾ ਦੋਸ਼ ਲਾਗਇਆ ਹੈ।
Publish Date: Wed, 14 Jan 2026 05:45 PM (IST)
Updated Date: Wed, 14 Jan 2026 05:49 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸਥਾਨਕ ਖੁੱਲ੍ਹੀ ਖੇਤੀਬਾੜੀ ਜੇਲ੍ਹ ਵਿਚ ਦੇ ਕੈਦੀਆਂ ਵਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕੈਦੀਆਂ ਨੇ ਜੇਲ੍ਹ ਸੁਪਰਡੈਂਟ ’ਤੇ ਦੁਰਵਿਹਾਰ ਕਰਨ ਤੇ ਉਨਾਂ ਦੀਆਂ ਫਾਇਲਾਂ ਉਚ ਅਧਿਕਾਰੀਆਂ ਤੱਕ ਨਾ ਪਹੁੰਚਾਉਣ ਦਾ ਦੋਸ਼ ਲਾਗਇਆ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਦੀ ਇੱਕੋ ਇੱਕ ਖੇਤੀਬਾੜੀ ਜੇਲ੍ਹ ਹੈ, ਜਿਸ ਵਿੱਚ ਕਰੀਬ 33 ਕੈਦੀ ਨਜ਼ਰਬੰਦ ਹਨ। ਇਹ ਉਹ ਕੈਦੀ ਹਨ ਜਿਨਾਂ ਦਾ ਆਚਰਣ ਠੀਕ ਮੰਨਿਆ ਜਾਂਦਾ ਹੈ ਅਤੇ ਇਹਨਾਂ ਤੋਂ ਜੇਲ੍ਹ ਦੀ ਜਮੀਨ ’ਤੇ ਖੇਤੀਬਾੜੀ ਦਾ ਕੰਮ ਕਰਵਾਇਆ ਜਾਂਦਾ ਹੈ।
ਕੈਦੀਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਉਨਾਂ ਦੀ ਕੈਦ ਵਿੱਚ ਕਟੌਤੀ ਹੋਣੀ ਸੀ। ਚੰਗੇ ਆਚਰਨ ਵਾਲੇ ਕੈਦੀਆਂ ਦੀਆਂ ਫਾਈਲਾਂ ਸੁਪਰਡੈਂਟ ਵਲੋਂ ਉਚ ਅਧਿਕਾਰੀਆਂ ਨੂੰ ਨਹੀਂ ਭੇਜੀਆਂ ਗਈਆਂ, ਜਿਸ ਕਾਰਨ ਰਿਹਾਈ ਵਿਚ ਅੜਿੱਕਾ ਪੈ ਰਿਹਾ ਹੈ। ਕੈਦੀਆਂ ਅਨੁਸਾਰ ਸੁਪਰਡੈਂਟ ਵਲੋਂ ਮਾੜੀ ਭਾਸ਼ਾ ਦੀ ਵਰਤੋਂ ਕਰਨ ਦੇ ਨਾਲ ਕੈਦੀਆਂ ਦੀ ਪੁਲਿਸ ਪੜਤਾਲ ਮੁੜ ਤੋਂ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਕੈਦੀਆਂ ਵਲੋਂ ਇਸ ਸਬੰਧੀ ਮਨੁੱਖੀ ਅਧਿਕਾਰੀ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਾ ਹੋਣ ’ਤੇ ਬੁੱਧਵਾਰ ਤੋਂ ਹੜਤਾਲ ਸ਼ੁਰੂ ਕੀਤੀ ਗਈ ਹੈ।
ਡੀਆਈਜੀ ਨੇ ਕੈਦੀਆਂ ਨਾਲ ਕੀਤੀ ਮੁਲਾਕਾਤ
ਇਸ ਮੌਕੇ ਨਾਭਾ ਦੀ ਖੁੱਲੀ ਜੇਲ੍ਹ ਵਿੱਚ ਡੀਆਈਜੀ ਜੇਲ੍ਹਾਂ ਦਲਜੀਤ ਰਾਣਾ ਵਲੋਂ ਕੈਦੀਆਂ ਨਾਲ ਮੁਲਾਕਾਤ ਕਰਕੇ ਉਨਾਂ ਦੀਆਂ ਮੰਗਾਂ ਸਬੰਧੀ ਗੱਲ ਕੀਤੀ। ਡੀਆਈਜੀ ਵਲੋਂ ਕੈਦੀਆਂ ਨੂੰ ਮੰਗਾਂ ਸਬੰਧੀ ਯੋਗ ਕਾਰਵਾਂਈ ਦਾ ਭਰੋਸਾ ਵੀ ਦਿੱਤਾ ਪਰ ਕੈਦੀ ਤੁਰੰਤ ਹੱਲ ’ਤੇ ਅੜੇ ਰਹੇ ਤੇ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਕੈਦੀਆਂ ਨਾਲ ਮੁਲਾਕਾਤ ਕਰਨ ਉਪਰੰਤ ਡੀਆਈਜੀ ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਕੈਦੀਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਤੇ ਫਿਲਹਾਲ ਉਹਨ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਦੂਜੇ ਪਾਸੇ ਕੈਦੀਆਂ ਦਾ ਕਹਿਣਾ ਹੈ ਕਿ ਸੁਪਰਡੈਂਟ ਦੀ ਬਦਲੀ ਹੋਣ ਤੱਕ ਭੁੱਖ ਹੜਤਾਲ ਜਾਰੀ ਰਹੇਗੀ।