Patiala News : ਨਾਭਾ ਨੇੜਲੇ ਪਿੰਡ ਮਹਿਸ ਵਿਖੇ ਗੈਸ ਏਜੰਸੀ ਦੇ ਗੁਦਾਮ 'ਚ ਲੱਗੀ ਅੱਗ, ਕਈ ਜ਼ਖ਼ਮੀ
ਐਤਵਾਰ ਦੇਰ ਰਾਤ ਨੂੰ ਅਚਾਨਕ ਗੈਸ ਏਜੰਸੀ ਦੇ ਗੋਦਾਮ ਵਿੱਚ ਇੱਕ ਸਿਲੰਡਰ ਦੇ ਲੀਕ ਹੋਣ ਕਾਰਨ ਉਸ ਨੂੰ ਅੱਗ ਲੱਗ ਗਈ ਅਤੇ ਧਮਾਕੇ ਨਾਲ ਗੈਸ ਏਜੰਸੀ ਦੀ ਛੱਤ ਡਿੱਗ ਗਈ। ਜਾਣਕਾਰੀ ਅਨੁਸਾਰ, ਨਾਭਾ ਵਿੱਚ ਗੈਸ ਏਜੰਸੀ ਦੇ ਗੁਦਾਮ ਦੇ ਨੇੜੇ ਕੁਝ ਪਰਵਾਸੀ ਆਪਣਾ ਖਾਣਾ ਬਣਾ ਰਹੇ ਸਨ, ਪਰ ਸਿਲੰਡਰ ਲੀਕ ਹੋਣ ਕਾਰਨ ਗੈਸ ਨੂੰ ਅੱਗ ਲੱਗ ਗਈ ਅਤੇ ਅੱਗ ਤੇਜ਼ੀ ਨਾਲ ਫੈਲ ਗਈ।
Publish Date: Sun, 07 Dec 2025 09:27 PM (IST)
Updated Date: Sun, 07 Dec 2025 09:39 PM (IST)
ਅਮਨਦੀਪ ਸਿੰਘ ਲਵਲੀ, ਨਾਭਾ : ਸ਼ਹਿਰ ਨਾਭਾ ਦੇ ਨੇੜਲੇ ਪਿੰਡ ਮਹਿਸ ਜੋ ਕਿ ਸ਼ਹਿਰ ਤੋਂ ਤਕਰੀਬਨ 4 ਕਿਲੋਮੀਟਰ ਦੂਰ ਸ਼ਮਸ਼ੇਰ ਗੈਸ ਏਜੰਸੀ ਦੇ ਗੁਦਾਮ ਵਿੱਚ ਸਿਲੰਡਰਾਂ ਨੂੰ ਅੱਗ ਲੱਗਣ ਨਾਲ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇੱਥੇ ਗੈਸ ਏਜੰਸੀ ਦਾ ਗੁਦਾਮ ਹੈ, ਜਿੱਥੇ ਐਲਪੀਜੀ ਗੈਸ ਸਿਲੰਡਰ ਸਟੋਰ ਕੀਤੇ ਜਾਂਦੇ ਹਨ।
ਐਤਵਾਰ ਦੇਰ ਰਾਤ ਨੂੰ ਅਚਾਨਕ ਗੈਸ ਏਜੰਸੀ ਦੇ ਗੋਦਾਮ ਵਿੱਚ ਇੱਕ ਸਿਲੰਡਰ ਦੇ ਲੀਕ ਹੋਣ ਕਾਰਨ ਉਸ ਨੂੰ ਅੱਗ ਲੱਗ ਗਈ ਅਤੇ ਧਮਾਕੇ ਨਾਲ ਗੈਸ ਏਜੰਸੀ ਦੀ ਛੱਤ ਡਿੱਗ ਗਈ। ਜਾਣਕਾਰੀ ਅਨੁਸਾਰ, ਨਾਭਾ ਵਿੱਚ ਗੈਸ ਏਜੰਸੀ ਦੇ ਗੁਦਾਮ ਦੇ ਨੇੜੇ ਕੁਝ ਪਰਵਾਸੀ ਆਪਣਾ ਖਾਣਾ ਬਣਾ ਰਹੇ ਸਨ, ਪਰ ਸਿਲੰਡਰ ਲੀਕ ਹੋਣ ਕਾਰਨ ਗੈਸ ਨੂੰ ਅੱਗ ਲੱਗ ਗਈ ਅਤੇ ਅੱਗ ਤੇਜ਼ੀ ਨਾਲ ਫੈਲ ਗਈ। ਇਸ ਅੱਗ ਵਿੱਚ ਏਜੰਸੀ ਵਿੱਚ ਕੰਮ ਕਰਨ ਵਾਲੇ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ। ਏਜੰਸੀ ਵਿੱਚ ਰੱਖੇ ਸਿਲੰਡਰਾਂ ਵਿੱਚ ਅੱਗ ਲੱਗਣ ਕਾਰਨ ਹੋਏ ਧਮਾਕੇ ਕਾਰਨ ਗੁਦਾਮ ਦੀ ਛੱਤ ਵੀ ਡਿੱਗ ਗਈ, ਪਰ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕੋਈ ਕਰਮਚਾਰੀ ਇਸ ਦੇ ਹੇਠਾਂ ਸੀ ਜਾਂ ਨਹੀਂ।
ਜ਼ਖ਼ਮੀਆਂ ਦੀ ਪਛਾਣ ਜੱਜ ਸਿੰਘ ਮਾਈਹਾਸ, ਦਿਲੀਪ ਕੁਮਾਰ ਨਾਭਾ, ਸੰਦੀਪ ਸ਼ਰਮਾ ਨਾਭਾ, ਸੁਰੇਂਦਰ ਕੁਮਾਰ ਨਾਭਾ ਵਜੋਂ ਹੋਈ ਹੈ, ਜਿਨ੍ਹਾਂ ਵਿੱਚੋਂ ਜੱਜ ਸਿੰਘ ਅਤੇ ਦਿਲੀਪ ਕੁਮਾਰ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਜਦੋਂ ਇਸ ਮਾਮਲੇ 'ਤੇ ਜ਼ਖ਼ਮੀ ਸੁਰਿੰਦਰ ਕੁਮਾਰ ਅਤੇ ਸੰਦੀਪ ਸ਼ਰਮਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਗੈਸ ਏਜੰਸੀ ਦੇ ਗੋਦਾਮ ਵਿੱਚ ਕੰਮ ਕਰ ਰਹੇ ਸਨ, ਜਦੋਂ ਅਚਾਨਕ ਅੱਗ ਲੱਗ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਨੇੜੇ ਕੁਝ ਲੋਕ ਖਾਣਾ ਬਣਾ ਰਹੇ ਸਨ।
ਇਸ ਮਾਮਲੇ ਬਾਰੇ ਜਦੋਂ ਡੀਐੱਸਪੀ ਨਾਭਾ ਗੁਰਿੰਦਰ ਸਿੰਘ ਬਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਾਭਾ ਦੇ ਨਜ਼ਦੀਕ ਪਿੰਡ ਮੈਸ. ਸ਼ਮਸ਼ੇਰ ਗੈਸ ਏਜੰਸੀ ਦੇ ਗੁਦਾਮ ਵਿੱਚ ਐਲਪੀਜੀ ਗੈਸ ਸਿਲੰਡਰ ਨੂੰ ਅੱਗ ਲੱਗਣ ਕਰਕੇ ਛੱਤ ਡਿੱਗ ਗਈ ਹੈ। ਅੱਗ ਲੱਗਣ ਕਰਕੇ ਚਾਰ ਵਿਅਕਤੀ ਜ਼ਖਮੀ ਹੋਏ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਡੀਐੱਸਪੀ ਨਾਭਾ ਅਨੁਸਾਰ ਛੱਤ ਦੇ ਨੀਚੇ ਕਿਸੇ ਵੀ ਵਿਅਕਤੀ ਦੇ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ।