Patiala News : ਪਰਿਵਾਰਕ ਝਗੜੇ ਤੋਂ ਤੰਗ ਆ ਕੇ ਵਿਅਕਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕਸ਼ੀ; ਭਰਾ, ਜੀਜੇ ਤੇ ਉਹਨਾਂ ਦੇ ਪੁੱਤਰਾਂ ਖਿਲਾਫ ਮਾਮਲਾ ਦਰਜ
ਜੱਦੀ ਜਾਇਦਾਦ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ 'ਤੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲੈਣ ਦੇ ਮਾਮਲੇ ਵਿੱਚ ਪਾਤੜਾਂ ਪੁਲਿਸ ਨੇ ਮ੍ਰਿਤਕ ਦੇ ਭਰਾ, ਜੀਜੇ ਅਤੇ ਉਨ੍ਹਾਂ ਦੇ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Publish Date: Sat, 15 Nov 2025 07:55 PM (IST)
Updated Date: Sat, 15 Nov 2025 08:00 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਜੱਦੀ ਜਾਇਦਾਦ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ 'ਤੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲੈਣ ਦੇ ਮਾਮਲੇ ਵਿੱਚ ਪਾਤੜਾਂ ਪੁਲਿਸ ਨੇ ਮ੍ਰਿਤਕ ਦੇ ਭਰਾ, ਜੀਜੇ ਅਤੇ ਉਨ੍ਹਾਂ ਦੇ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮੁਲਜ਼ਮਾਂ ਵਿੱਚ ਮ੍ਰਿਤਕ ਦਾ ਭਰਾ ਸੁਖਦੇਵ ਸਿੰਘ, ਉਸ ਦਾ ਪੁੱਤਰ ਮਹਿੰਦਰ ਸਿੰਘ, ਜੀਜਾ ਸੁਰਜੀਤ ਸਿੰਘ, ਉਸ ਦਾ ਪੁੱਤਰ ਬੀਤੀ ਸਾਰੇ ਵਾਸੀ ਪਾਤੜਾਂ ਸ਼ਾਮਲ ਹਨ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ, ਪਾਤੜਾਂ ਪੁਲਿਸ ਦੇ ਏ.ਐਸ.ਆਈ. ਬਲਜਿੰਦਰ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਮ੍ਰਿਤਕ ਪ੍ਰਗਟ ਸਿੰਘ (55) ਵਾਸੀ ਪਾਤੜਾਂ ਦੀ ਪਤਨੀ ਰਾਣੀ ਕੌਰ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੱਦੀ ਜ਼ਮੀਨ-ਜਾਇਦਾਦ ਨੂੰ ਲੈ ਕੇ ਉਸਦੇ ਪਤੀ ਨੂੰ ਤੰਗ- ਪਰੇਸ਼ਾਨ ਕਰਦੇ ਸਨ।
13 ਨਵੰਬਰ ਦੀ ਦੁਪਹਿਰ ਨੂੰ ਪਤੀ ਦਾ ਭਰਾ, ਉਸ ਦਾ ਪੁੱਤਰ, ਜੀਜਾ ਅਤੇ ਉਸ ਦਾ ਪੁੱਤਰ ਉਨ੍ਹਾਂ ਦੇ ਘਰ ਆਏ ਅਤੇ ਜ਼ਮੀਨ-ਜਾਇਦਾਦ ਦੇ ਮਾਮਲੇ ਵਿੱਚ ਤਕਰਾਰ ਕਰਨ ਲੱਗੇ। ਆਏ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜਾਇਦਾਦ ਦੇਣ ਤੋਂ ਜਵਾਬ ਦੇਣ 'ਤੇ ਪ੍ਰੇਸ਼ਾਨ ਹੋ ਕੇ ਗੁੱਸੇ ਵਿੱਚ ਆਏ ਉਸਦੇ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਗੰਭੀਰ ਹਾਲਤ ਵਿੱਚ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਰੈਫ਼ਰ ਕਰਨ 'ਤੇ ਉਹ ਉਸਨੂੰ ਘਰ ਲੈ ਆਏ ਅਤੇ ਰਾਤ ਨੂੰ ਉਸਦੀ ਮੌਤ ਹੋ ਗਈ।
ਅਧਿਕਾਰੀ ਅਨੁਸਾਰ, ਸਿਵਲ ਹਸਪਤਾਲ ਸਮਾਣਾ ਦੇ ਡਾਕਟਰਾਂ ਦੇ ਤਿੰਨ ਮੈਂਬਰੀ ਪੈਨਲ ਵੱਲੋਂ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।