Patiala News : ਡਾ. ਦਰਸ਼ਨ ਸਿੰਘ ਆਸ਼ਟ ਬਣੇ ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਰਜਿਸਟਰਾਰ
ਆਪਣੀ ਤਰੱਕੀ ਲਈ ਉਨ੍ਹਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੇਵਾ ਵਿਚ ਆਉਣ ਤੋਂ ਪਹਿਲਾਂ ਡਾ. ਦਰਸ਼ਨ ਸਿੰਘ ਆਸ਼ਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਰਾਜਪੁਰਾ ਵਿਖੇ ਦਸ ਰੁਪਏ ਪ੍ਰਤੀ ਦਿਹਾੜੀ ’ਤੇ ਲਗਪਗ ਦੋ ਸਾਲ ਦਿਹਾੜੀਦਾਰ ਵਜੋਂ ਕਾਰਜ ਕੀਤਾ।
Publish Date: Sat, 27 Dec 2025 10:30 PM (IST)
Updated Date: Sat, 27 Dec 2025 10:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਹੋਏ ਆਦੇਸ਼ਾਂ ਦੀ ਲੋਅ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਜੇਤੂ ਅਤੇ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਾਇਕ ਰਜਿਸਟਰਾਰ ਵਜੋਂ ਤਰੱਕੀ ਦਿੱਤੀ ਗਈ ਹੈ।
ਆਪਣੀ ਤਰੱਕੀ ਲਈ ਉਨ੍ਹਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੇਵਾ ਵਿਚ ਆਉਣ ਤੋਂ ਪਹਿਲਾਂ ਡਾ. ਦਰਸ਼ਨ ਸਿੰਘ ਆਸ਼ਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਰਾਜਪੁਰਾ ਵਿਖੇ ਦਸ ਰੁਪਏ ਪ੍ਰਤੀ ਦਿਹਾੜੀ ’ਤੇ ਲਗਪਗ ਦੋ ਸਾਲ ਦਿਹਾੜੀਦਾਰ ਵਜੋਂ ਕਾਰਜ ਕੀਤਾ। ਬਾਅਦ ਵਿਚ ਬੋਰਡ ਵੱਲੋਂ ਜਦੋਂ ਦਿਹਾੜੀਦਾਰ ਕਾਮਿਆਂ ਨੂੰ ਸੇਵਾਵਾਂ ਤੋਂ ਫਾਰਗ਼ ਕਰ ਦਿੱਤਾ ਗਿਆ ਤਾਂ ਡਾ. ਆਸ਼ਟ ਨੇ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਇਕ ਵਕੀਲ ਨਾਲ ਦਸ ਰੁਪਏ ਦਿਹਾੜੀ ’ਤੇ ਇਕ ਸਾਲ ਮੁਨਸ਼ੀ ਵਜੋਂ ਕੰਮ ਕੀਤਾ।
ਉਪਰੰਤ ਕਚਿਹਰੀ ਵਿਚ ਹੀ ਪ੍ਰਾਈਵੇਟ ਤੌਰ ’ਤੇ ਪੰਜਾਬੀ ਟਾਈਪਰਾਈਟਰ ਕਿਰਾਏ ’ਤੇ ਲੈ ਕੇ ਲਗਪਗ ਡੇਢ ਸਾਲ ਕੰਮ ਕੀਤਾ। ਇਸ ਦੇ ਨਾਲ ਨਾਲ ਉਹ ਪ੍ਰਾਈਵੇਟ ਪੱਧਰ ’ਤੇ ਪੰਜਾਬੀ ਸਟੈਨੋਗ੍ਰਾਫ਼ੀ ਵੀ ਸਿੱਖਦੇ ਰਹੇ। 10 ਨਵੰਬਰ, 1986 ਨੂੰ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬਤੌਰ ਸਟੈਨੋ ਟਾਈਪਿਸਟ ਨਿਯੁਕਤੀ ਹੋ ਗਈ। ਡਾ. ਆਸ਼ਟ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਮਿਲੀ ਤਰੱਕੀ ਨਾਲ ਉਨ੍ਹਾਂ ਦੇ ਮਾਣ ਅਤੇ ਜ਼ਿੰਮੇਵਾਰੀ ਵਿਚ ਵਾਧਾ ਹੋਇਆ ਹੈ ਜਿਸ ਲਈ ਉਹ ਆਪਣੀ ਕਾਰਜ ਭੂਮੀ ਪੰਜਾਬੀ ਯੂਨੀਵਰਸਿਟੀ ਦਾ ਧੰਨਵਾਦ ਕਰਦੇ ਹਨ।