ਓਪਨ ਯੂਨੀਵਰਸਿਟੀ ’ਚ ਸੰਵਿਧਾਨ ਦਿਵਸ ਮਨਾਇਆ
ਓਪਨ ਯੂਨੀਵਰਸਿਟੀ ਵਿਖੇ ਸੰਵਿਧਾਨ ਦਿਵਸ ਮਨਾਇਆ
Publish Date: Wed, 26 Nov 2025 03:13 PM (IST)
Updated Date: Wed, 26 Nov 2025 03:14 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਸਕੂਲ ਆਫ ਲਾਅ ਐਂਡ ਇੰਟਰਡਿਸ਼ਿਪਲਿਨਰੀ ਸਟੱਡੀਜ਼ ਵੱਲੋਂ ਪ੍ਰੋ. (ਡਾ.) ਰਤਨ ਸਿੰਘ ਵਾਈਸ-ਚਾਂਸਲਰ ਦੀ ਯੋਗ ਅਗਵਾਈ ਹੇਠ ਸੰਵਿਧਾਨ ਦਿਵਸ ਤੇ ਇਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਡਾ. ਵਰਿੰਦਰ ਸਿੰਘ ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਆਫ਼ ਲਾਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ ਜਲੰਧਰ ਤੇ ਡਾ. ਮਨਜੀਤ ਸਿੰਘ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ਼ ਲਾਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ ਵਕਤਾ ਸਨ। ਡਾ. ਵਰਿੰਦਰ ਸਿੰਘ ਨੇ ਸੰਵਿਧਾਨ ਦੀ ਇਤਿਹਾਸਕ ਅਤੇ ਮੁਢਲੇ ਅਧਿਕਾਰਾਂ ਦੀ ਮਹੱਤਤਾ ਉੱਤੇ ਚਰਚਾ ਕੀਤੀ। ਡਾ. ਵਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਵਿਸ਼ੇਸ਼ ਕਾਨੂੰਨੀ ਸੈਕਸ਼ਨ ਵਿਚ ਇਸ ਦੀ ਖਾਸ ਮਹੱਤਤਾ ਹੈ। ਉਨ੍ਹਾਂ ਨੇ ਸੰਵਿਧਾਨ ਦੀ ਤਿਆਰੀ ਸਬੰਧੀ ਡਰਾਫਟਿੰਗ ਕਮੇਟੀ ਦੇ ਇਤਿਹਾਸ ਉੱਤੇ ਵੀ ਚਾਨਣ ਪਾਉਂਦਿਆਂ ਤੇ ਡਾ. ਬੀ.ਆਰ. ਅੰਬੇਦਕਰ ਸਮੇਤ ਕਮੇਟੀ ਦੇ ਸਦਸਿਆਂ ਦੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੰਵਿਧਾਨ ਨਾਗਰਿਕਾਂ ਦੇ ਅਧਿਕਾਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਰੇਖਾਂਕਿਤ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਨੂੰ ਆਪਣੀ ਜ਼ਿੰਦਗੀ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ। ਡਾ. ਮਨਜੀਤ ਸਿੰਘ ਨੇ ਸੰਵਿਧਾਨ ਦੀ ਸਮਾਜਿਕ ਦ੍ਰਿਸ਼ਟੀਕੋਣ ਅਤੇ ਕਾਨੂੰਨ ਵਿਵਸਥਾ ਦੇ ਸਿਧਾਂਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮੇਂ ਦੇ ਨਾਲ ਕੀਤੀਆਂ ਗਈਆਂ ਸੋਧਾਂ ਨੇ ਸੰਵਿਧਾਨ ਨੂੰ ਹੋਰ ਮਜ਼ਬੂਤ ਅਤੇ ਸਮਕਾਲੀ ਬਣਾਇਆ ਹੈ। ਉਨ੍ਹਾਂ ਨੇ ਨਿਆਂ ਪ੍ਰਣਾਲੀ ਦੀ ਸੰਵਿਧਾਨ ਨਾਲ ਸੰਗਤੀ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਵਿੱਚ ਅਦਾਲਤਾਂ ਦੀ ਮਹੱਤਵਪੂਰਨ ਭੂਮਿਕਾ ਉੱਤੇ ਵੀ ਰੌਸ਼ਨੀ ਪਾਈ। ਉਨ੍ਹਾਂ ਨੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਸੰਵਿਧਾਨਕ ਮੁੱਲਾਂ ਨੂੰ ਅਮਲੀ ਜੀਵਨ ਵਿੱਚ ਲਾਗੂ ਕਰਨ ਦੀ ਸਲਾਹ ਦਿੱਤੀ। ਡਾ. ਪਰਮਪ੍ਰੀਤ ਕੌਰ, ਮੁਖੀ, ਐਸ.ਐਸ.ਐਲ.ਏ, ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਡਾ. ਪਿੰਕੀ ਸਰਾ, ਮੁਖੀ, ਸਕੂਲ ਆਫ ਲਾਅ ਐਂਡ ਇੰਟਰਡਿਸ਼ਿਪਲਿਨਰੀ ਸਟੱਡੀਜ਼ ਵੱਲੋਂ ਕੀਤਾ ਗਿਆ।