ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਕਮੇਟੀ ਚੋਣਾਂ ਬਣੀਆਂ 2027 ਵਿਧਾਨ ਸਭਾ ਜੰਗ ਦਾ ਟ੍ਰੇਲਰ!
ਜ਼ਿਲ੍ਹਾ ਪ੍ਰੀਸ਼ਦ–ਬਲਾਕ ਕਮੇਟੀ ਚੋਣਾਂ ਬਣੀਆਂ 2027 ਵਿਧਾਨ ਸਭਾ ਜੰਗ ਦਾ ਟ੍ਰੇਲਰ!
Publish Date: Thu, 11 Dec 2025 06:20 PM (IST)
Updated Date: Thu, 11 Dec 2025 06:21 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੀ ਰਾਜਨੀਤੀ ਵਿੱਚ ਇਸ ਵੇਲੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਸਿਰਫ਼ ਸਥਾਨਕ ਨਿਗਮ ਪੱਧਰ ਦੀ ਲੜਾਈ ਨਹੀਂ ਲੜ ਰਹੀਆਂ, ਬਲਕਿ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸਾਬਤ ਹੋ ਰਹੀਆਂ ਹਨ। ਵੱਡੇ ਰਾਜਨੀਤਿਕ ਦਲ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਨੂੰ ਭਵਿੱਖ ਦੀ ਸੱਤਾ ਦੀ ਪਿਚ ਤਿਆਰ ਕਰਨ ਦਾ ਸੁਨਹਿਰਾ ਮੌਕਾ ਸਮਝ ਕੇ ਪੂਰੀ ਤਾਕਤ ਨਾਲ ਜੁੱਟੇ ਹੋਏ ਹਨ। ਪਿੰਡ-ਪਿੰਡ ਡੋਰ-ਟੂ-ਡੋਰ ਕੈਂਪੇਨ, ਰੋਡ ਸ਼ੋ, ਨੁੱਕੜ ਸਭਾਵਾਂ, ਸੋਸ਼ਲ ਮੀਡੀਆ ‘ਤੇ ਤੇਜ਼ ਪ੍ਰਚਾਰ ਹਰ ਪੱਧਰ ’ਤੇ ਰਾਜਨੀਤਿਕ ਸਰਗਰਮੀਆਂ ਅਚਾਨਕ ਵੱਧ ਗਈਆਂ ਹਨ। ਇਸ ਦੇ ਪਿੱਛੇ ਮੁੱਖ ਰਣਨੀਤੀ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਪਿੰਡਾਂ ਦੇ ਵੋਟ ਬੈਂਕ ਨੂੰ ਮਜ਼ਬੂਤ ਕਰਨਾ। ਜਿਨ੍ਹਾਂ ਆਗੂ ਵਾਂ ਨੂੰ ਆਪਣੀਆਂ ਅਪਣੀਆਂ ਸੀਟਾਂ ’ਤੇ ਦੁਬਾਰਾ ਮਜ਼ਬੂਤ ਦਾਅਵਾ ਦਿਖਾਈ ਦੇ ਰਿਹਾ ਹੈ, ਉਹ ਇਸ ਪ੍ਰਚਾਰ ਵਿੱਚ ਪੂਰੀ ਸਰਗਰਮੀ ਨਾਲ ਮੋਰਚਾ ਸੰਭਾਲੇ ਹੋਏ ਹਨ। ਮਾਹਿਰਾਂ ਮੰਨਦੇ ਹਨ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਨਾ ਸਿਰਫ਼ ਸਥਾਨਕ ਪੱਧਰ ਦੇ ਹਿਸਾਬ-ਕਿਤਾਬ ਤੈਅ ਕਰਨਗੇ, ਬਲਕਿ 2027 ਦੀ ਰਾਜਨੀਤਿਕ ਦਿਸ਼ਾ ਵੀ ਨਿਰਧਾਰਤ ਕਰ ਸਕਦੇ ਹਨ। ਜ਼ਿਲ੍ਹਾ ਪ੍ਰੀਸ਼ਦ-ਬਲਾਕ ਕਮੇਟੀ ਚੋਣਾਂ ਰਾਜਨੀਤਿਕ ਦਲਾਂ ਲਈ ਲੋਕਾਂ ਦਾ ਮੂਡ ਸਮਝਣ ਦਾ ਮਹੱਤਵਪੂਰਨ ਮੌਕਾ ਬਣ ਚੁੱਕੀਆਂ ਹਨ ਅਤੇ ਕਿਸੇ ਵੀ ਪਾਰਟੀ ਦਾ ਅਗਵਾਈ ਇਸ ਨੂੰ ਗਵਾਉਣਾ ਨਹੀਂ ਚਾਹੁੰਦਾ। ਭਾਜਪਾ ਦਿਹਾਤੀ ’ਚ ਵੋਟ ਬੈਂਕ ਮਜ਼ਬੂਤ ਕਰਨ ’ਚ ਜੁੱਟੀ ਭਾਰਤੀ ਜਨਤਾ ਪਾਰਟੀ ਇਸ ਚੋਣ ਨੂੰ ਪਿੰਡਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦਾ ਵੱਡਾ ਮੌਕਾ ਮੰਨ ਰਹੀ ਹੈ। ਪਾਰਟੀ ਦੇ ਮੁੱਖ ਚਿਹਰੇ ਜ਼ਮੀਨੀ ਪੱਧਰ ’ਤੇ ਲਗਾਤਾਰ ਸਰਗਰਮ ਹਨ। ਇਨ੍ਹਾਂ ਵਿੱਚ ਪਟਿਆਲਾ ਦਿਹਾਤੀ ਤੋਂ ਕਰਣ ਕੌੜਾ, ਰਾਜਪੁਰਾ ਤੋਂ ਜਗਦੀਸ਼ ਕੁਮਾਰ ਜੱਗਾ ਅਤੇ ਸਨੌਰ ਤੋਂ ਬਿਕਰਮਜੀਤ ਇੰਦਰ ਸਿੰਘ ਚਹਲ ਸ਼ਾਮਲ ਹਨ। ਇਹ ਸਾਰੇ ਆਗੂ ਇਲਾਕਿਆਂ ਵਿੱਚ ਰੋਡ ਸ਼ੋਅ, ਸਭਾਵਾਂ, ਜਨਸੰਪਰਕ ਅਤੇ ਰਾਜਨੀਤਿਕ ਸੰਵਾਦ ਕਰ ਰਹੇ ਹਨ। ਭਾਜਪਾ ਇਨ੍ਹਾਂ ਚਿਹਰਿਆਂ ਨੂੰ 2027 ਦੀਆਂ ਚੋਣਾਂ ਦਾ ਸੰਭਾਵੀ ਆਧਾਰ ਮੰਨ ਕੇ ਤਿਆਰ ਕਰ ਰਹੀ ਹੈ। ਕਾਂਗਰਸ ਵੱਲੋਂ ਤਜ਼ਰਬੇ ਅਤੇ ਸੰਗਠਨਾਤਮਕ ਪਕੜ ’ਤੇ ਜ਼ੋਰ ਕਾਂਗਰਸ ਨੇ ਵੀ ਇਸ ਚੋਣ ਨੂੰ ਆਪਣੀ ਖੋਹੀ ਜ਼ਮੀਨ ਵਾਪਸ ਹਾਸਲ ਕਰਨ ਦਾ ਵੱਡਾ ਮੌਕਾ ਮੰਨਿਆ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਪ੍ਰਚਾਰ ਵਿੱਚ ਬਹੁਤ ਹੀ ਸਰਗਰਮ ਹਨ। ਇਨ੍ਹਾਂ ਵਿੱਚ ਪਟਿਆਲਾ ਦਿਹਾਤੀ ਤੋਂ ਮੋਹਿਤ ਮਹਿੰਦਰਾ, ਸਮਾਣਾ ਤੋਂ ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਅਤੇ ਗੁਰਸ਼ਰਨ ਕੌਰ ਰੰਧਾਵਾ (ਜ਼ਿਲ੍ਹਾ ਕਾਂਗਰਸ ਦਿਹਾਤੀ ਵਿੰਗ ਪ੍ਰਧਾਨ), ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਅਤੇ ਘਨੌਰ ਤੋਂ ਸਾਬਕਾ ਮੰਤਰੀ ਮਦਨ ਲਾਲ ਜਲਾਲਪੁਰ ਸ਼ਾਮਲ ਹਨ। ਇਹ ਆਗੂ ਪਿੰਡਾਂ ਵਿੱਚ ਜਾ ਕੇ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰ ਰਹੇ ਹਨ ਅਤੇ 2027 ਲਈ ਆਪਣੀ ਦਾਅਵੇਦਾਰੀ ਪੱਕੀ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਪਰੰਪਰਾਗਤ ਵੋਟ ਬੈਂਕ ’ਤੇ ਫੋਕਸ ਅਕਾਲੀ ਦਲ ਨੇ ਵੀ ਇਨ੍ਹਾਂ ਚੋਣਾਂ ਵਿੱਚ ਪੂਰੀ ਤਾਕਤ ਨਾਲ ਹਿਸਾ ਲਿਆ ਹੈ। ਪਾਰਟੀ ਆਪਣੇ ਰਿਵਾਇਤੀ ਪਿੰਡਾਂ ਦੇ ਵੋਟ ਬੈਂਕ ਨੂੰ ਜੋੜਨ ਵਿੱਚ ਲੱਗੀ ਹੋਈ ਹੈ। ਇਸ ਤਹਿਤ ਪਟਿਆਲਾ ਦਿਹਾਤੀ ਤੋਂ ਜਸਪਾਲ ਸਿੰਘ ਬਿੱਟੂ ਚੱਠਾ, ਨਾਭਾ ਤੋਂ ਮੱਖਣ ਸਿੰਘ ਲਾਲਕਾ, ਘਨੌਰ ਤੋਂ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤਰਜੀਹੀ ਚਿਹਰੇ ਹਨ। ਇਨ੍ਹਾਂ ਤੋਂ ਇਲਾਵਾ ਅਕਾਲੀ ਬਾਗੀ ਗੁੱਟ ਦੇ ਆਗੂ ਵੀ ਮੋਰਚੇ ‘ਤੇ ਹਨ। ਸਮਾਣਾ ਤੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ। ਇਹ ਸਾਰੇ ਆਗੂ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਲੋਕਾਂ ਦਾ ਭਰੋਸਾ ਜਿੱਤਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਕਰ ਰਹੀ ਸੱਤਾ ਬਚਾਏ ਰੱਖਣ ਦੀ ਰਣਨੀਤੀ ਪੰਜਾਬ ਵਿੱਚ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ ਨੂੰ ਪ੍ਰਚਾਰ ਦੀ ਕਮਾਨ ਸੌਂਪ ਦਿੱਤੀ ਹੈ। ਵਿਧਾਇਕ ਆਪਣੇ-ਆਪਣੇ ਹਲਕੇ ਵਿੱਚ ਦੁਬਾਰਾ ਟਿਕਟ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਲੱਗੇ ਹਨ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਵਿੱਚ ਉਨ੍ਹਾਂ ਦੀ ਸਰਗਰਮੀ ਸਿੱਧੇ ਤੌਰ ’ਤੇ ਉਨ੍ਹਾਂ ਦੇ ਭਵਿੱਖੀ ਰਾਜਨੀਤਿਕ ਕਰੀਅਰ ਨੂੰ ਪ੍ਰਭਾਵਿਤ ਕਰੇਗੀ।