ਸ਼ਾਸਨ ਵੱਲੋਂ ਸਰਕਾਰੀ ਸਕੂਲਾਂ ਅਤੇ ਹੋਰਨਾਂ ਥਾਵਾਂ 'ਤੇ ਚੋਣ ਅਮਲੇ ਦੇ ਰਹਿਣ ਦਾ ਪ੍ਰਬੰਧ ਤਾਂ ਕੀਤਾ ਗਿਆ ਸੀ, ਪਰ ਹੱਦ ਉਦੋਂ ਹੋ ਗਈ ਜਦੋਂ ਰਾਜਪੁਰਾ ਹਲਕੇ ਵਿਚ ਮੁਲਾਜ਼ਮਾਂ ਦੇ ਸੌਣ ਲਈ ਗੱਦੇ ਕੂੜੇ ਵਾਲੀਆਂ ਟਰਾਲੀਆਂ ਵਿੱਚ ਲੱਦ ਕੇ ਭੇਜੇ ਗਏ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਨਗਰ ਕੌਂਸਲ ਚੋਣਾਂ ਦੌਰਾਨ ਚੋਣ ਡਿਊਟੀ ਨਿਭਾਉਣ ਆਏ ਸਟਾਫ਼ ਨੂੰ ਪ੍ਰਸ਼ਾਸਨ ਦੇ ਅਧੂਰੇ ਅਤੇ ਮਾੜੇ ਪ੍ਰਬੰਧਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਾਲਾ ਚੋਣ ਅਮਲਾ ਖੁਦ ਭੁੱਖਾ-ਪਿਆਸਾ ਰਹਿ ਕੇ ਡਿਊਟੀ ਕਰਨ ਲਈ ਮਜਬੂਰ ਹੋਇਆ। ਇਸ ਦੌਰਾਨ ਪ੍ਰਸ਼ਾਸਨਿਕ ਲਾਪਰਵਾਹੀ ਦੀ ਇੱਕ ਬੇਹੱਦ ਸ਼ਰਮਨਾਕ ਤਸਵੀਰ ਵੀ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲਾਂ ਅਤੇ ਹੋਰਨਾਂ ਥਾਵਾਂ 'ਤੇ ਚੋਣ ਅਮਲੇ ਦੇ ਰਹਿਣ ਦਾ ਪ੍ਰਬੰਧ ਤਾਂ ਕੀਤਾ ਗਿਆ ਸੀ, ਪਰ ਹੱਦ ਉਦੋਂ ਹੋ ਗਈ ਜਦੋਂ ਰਾਜਪੁਰਾ ਹਲਕੇ ਵਿਚ ਮੁਲਾਜ਼ਮਾਂ ਦੇ ਸੌਣ ਲਈ ਗੱਦੇ ਕੂੜੇ ਵਾਲੀਆਂ ਟਰਾਲੀਆਂ ਵਿੱਚ ਲੱਦ ਕੇ ਭੇਜੇ ਗਏ। ਇਸ ਮੰਦਭਾਗੇ ਦ੍ਰਿਸ਼ ਨੂੰ ਦੇਖ ਕੇ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਦੀ ਨੀਂਦ ਉੱਡ ਗਈ। ਇਸ ਬਦਇੰਤਜ਼ਾਮੀ ਕਾਰਨ ਗੁੱਸੇ ਵਿੱਚ ਆਏ ਕਈ ਮੁਲਾਜ਼ਮਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਨਕਾਰਦਿਆਂ ਆਪਣੇ ਜਾਣਕਾਰਾਂ ਦੇ ਘਰਾਂ ਜਾਂ ਹੋਟਲਾਂ ਵਿੱਚ ਰਾਤ ਕੱਟਣ ਨੂੰ ਤਰਜੀਹ ਦਿੱਤੀ।
ਨਾ ਖਾਣਾ ਮਿਲਿਆ, ਨਾ ਪੀਣ ਵਾਲਾ ਪਾਣੀ
ਸਵੇਰੇ 7 ਵਜੇ ਤੋਂ ਡਿਊਟੀ 'ਤੇ ਤਾਇਨਾਤ ਅਧਿਆਪਕਾਂ ਅਤੇ ਹੋਰਨਾਂ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਲਈ ਪੀਣ ਵਾਲੇ ਸਾਫ਼ ਪਾਣੀ ਅਤੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਸੀ। ਕਈ ਚੋਣ ਕੇਂਦਰਾਂ 'ਤੇ ਦੁਪਹਿਰ ਤੱਕ ਅਮਲੇ ਨੂੰ ਪਾਣੀ ਦੀ ਇੱਕ ਬੂੰਦ ਤੱਕ ਨਸੀਬ ਨਹੀਂ ਹੋਈ। ਚੋਣ ਅਮਲੇ ਨੂੰ ਆਪਣੇ ਖਾਣ-ਪੀਣ ਦਾ ਪ੍ਰਬੰਧ ਆਪਣੇ ਪੱਧਰ 'ਤੇ ਕਰਨਾ ਪਿਆ। ਪੀੜਤ ਚੋਣ ਮੁਲਾਜਮਾਂ ਨੇ ਕਿਹਾ ‘‘ਪਹਿਲੀ ਵਾਰ ਚੋਣ ਡਿਊਟੀ 'ਤੇ ਆਉਣ ਵਾਲੇ ਨਵੇਂ ਮੁਲਾਜ਼ਮਾਂ ਵਿੱਚ ਜੋ ਚਾਅ ਅਤੇ ਉਤਸ਼ਾਹ ਸੀ, ਪ੍ਰਸ਼ਾਸਨ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਵਤੀਰੇ ਅਤੇ ਮਾੜੇ ਪ੍ਰਬੰਧਾਂ ਨੇ ਉਹ ਸਾਰਾ ਚਾਅ ਮਿੱਟੀ ਵਿੱਚ ਮਿਲਾ ਦਿੱਤਾ ਹੈ।’’
ਜਾਨ ਤਲੀ ’ਤੇ ਧਰ ਕੇ ਚੋਣ ਡਿਊਟੀ ਨਿਭਾਉਂਦਾ ਸਟਾਫ਼
ਚੋਣਾਂ ਦੌਰਾਨ ਡਿਊਟੀ ਕਰਨਾ ਕਿਸੇ ਅਗਨ-ਪ੍ਰੀਖਿਆ ਤੋਂ ਘੱਟ ਨਹੀਂ ਹੁੰਦਾ, ਜਿੱਥੇ ਮੁਲਾਜ਼ਮਾਂ ਨੂੰ ਆਪਣੀ ਜਾਨ ਤਲੀ ’ਤੇ ਧਰ ਕੇ ਕੰਮ ਕਰਨਾ ਪੈਂਦਾ ਹੈ। ਚੋਣ ਬੂਥਾਂ ’ਤੇ ਤਣਾਅਪੂਰਨ ਮਾਹੌਲ ਅਤੇ ਹਿੰਸਾ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਜੇਕਰ ਕਿਸੇ ਬੂਥ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰ ਦਿੱਤਾ ਜਾਵੇ, ਤਾਂ ਅਜਿਹੀ ਹੰਗਾਮੀ ਸਥਿਤੀ ਵਿੱਚ ਵੀ ਆਪਣੀ ਜਾਨ ਬਚਾਉਣ ਨਾਲੋਂ ਚੋਣ ਸਮੱਗਰੀ ਅਤੇ ਈਵੀਐਮ ਮਸ਼ੀਨਾਂ ਦੀ ਰਾਖੀ ਕਰਨਾ ਅਮਲੇ ਦੀ ਪਹਿਲੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਸ ਤੋਂ ਵੀ ਵੱਡੀ ਮੁਸੀਬਤ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਬੂਥ ਦੇ ਅੰਦਰ ਦੋ ਸਿਆਸੀ ਧਿਰਾਂ ਆਪਸ ਵਿੱਚ ਭਿੜ ਜਾਂਦੀਆਂ ਹਨ। ਇਸ ਸਿਆਸੀ ਲੜਾਈ ਵਿੱਚ ਬਿਨਾਂ ਕਿਸੇ ਕਸੂਰ ਦੇ ਚੋਣ ਸਟਾਫ਼ ਪਿਸ ਜਾਂਦਾ ਹੈ। ਕਈ ਵਾਰ ਤਾਂ ਮਾਮਲਾ ਇੰਨਾ ਵਧ ਜਾਂਦਾ ਹੈ ਕਿ ਡਿਊਟੀ ਨਿਭਾ ਰਹੇ ਮੁਲਾਜ਼ਮਾਂ ਨੂੰ ਅਦਾਲਤੀ ਚੱਕਰਾਂ ਅਤੇ ਪੁਲਿਸ ਕੇਸਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਕਰਮਚਾਰੀਆਂ ਨਾਲ ਅਣਮਨੁੱਖੀ ਵਤੀਰਾ ਬਰਦਾਸ਼ਤ ਨਹੀਂ : ਡੀਟੀਐਫ
ਡੈਮੋਕਰੇਟਿਕ ਟੀਚਰ ਫਰੰਟ ਨੇ ਮੰਗ ਕੀਤੀ ਹੈ ਕਿ ਲੋਕਤੰਤਰ ਦੇ ਇਸ ਅਹਿਮ ਕਾਰਜ ਨੂੰ ਨੇਪਰੇ ਚਾੜ੍ਹਨ ਵਾਲੇ ਕਰਮਚਾਰੀਆਂ ਨਾਲ ਅਜਿਹਾ ਅਣਮਨੁੱਖੀ ਵਤੀਰਾ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਚੋਣ ਵਿਚ ਡਿਊਟੀ ਲੱਗੀ ਹੋਣ ਕਰਕੇ ਕਈ ਅਧਿਆਪਕ ਆਪਣੇ ਵਾਰਡ ਵਿਚ ਵੋਟ ਵੀ ਨਹੀਂ ਪਾ ਸਕੇ ਹਨ। ਇਸਤੋਂ ਇਲਾਵਾ ਚੋਣ ਸਬੰਧੀ ਨੇੜਲੇ ਬਲਾਕ ਵਿਚ ਡਿਊਟੀ ਲਗਾਈ ਜਾਵੇ, ਚੋਣ ਅਮਲੇ ਦੇ ਰਹਿਣ ਅਤੇ ਖਾਣ ਪੀਣ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ, ਸਟਾਫ ਦੀ ਸੁਰੱਖਿਆ ਲਾਜਮੀ ਬਣਾਈ ਜਾਵੇ।
ਲੋੜੀਂਦੀ ਕਾਰਵਾਈ ਕਰਾਂਗੇ : ਡੀਸੀ ਡਾ. ਹਿਮਾਂਸ਼ੂ ਅਗਰਵਾਲ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ‘‘ਮੈਂ ਐਸਡੀਐਮ ਰਾਜਪੁਰਾ ਨੂੰ ਜਾਂਚ ਕਰਨ ਅਤੇ ਰਿਪੋਰਟ ਕਰਨ ਲਈ ਕਿਹਾ ਹੈ। ਮੁੱਢਲੀ ਜਾਂਚ ਵਿਚ, ਉਨਾਂ ਨੇ ਅਜਿਹੀ ਘਟਨਾ ਦੀ ਰਿਪੋਰਟ ਨਾ ਹੋਣ ਬਾਰੇ ਕਿਹਾ ਹੈ। ਜੇਕਰ ਅਜਿਹਾ ਕੁਝ ਹੋਇਆ ਹੈ ਤਾਂ ਅਸੀਂ ਇਸਦਾ ਨੋਟਿਸ ਲਵਾਂਗੇ ਅਤੇ ਲੋੜੀਂਦੀ ਕਾਰਵਾਈ ਕਰਾਂਗੇ।’’ ਦੂਸਰੇ ਪਾਸੇ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਹੇਠਲੇ ਪੱਧਰ ’ਤੇ ਪ੍ਰਬੰਧਾਂ ਦੀ ਜਿੰਮੇਵਾਰੀ ਜਿਲ੍ਹਾ ਪ੍ਰਸਾਸ਼ਨ ਦੀ ਹੈ, ਜੇਕਰ ਕਿਤੇ ਕੋਈ ਕਮੀ ਰਹੀ ਹੈ ਤਾਂ ਸਬੰਧਤ ਅਧਿਕਾਰੀ ਤੋਂ ਰਿਪੋਰਟ ਮੰਗੀ ਜਾਵੇਗੀ।