ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਇਆ
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਲੰਗਰ ਲਗਾਇਆ
Publish Date: Sat, 03 Jan 2026 04:57 PM (IST)
Updated Date: Sat, 03 Jan 2026 04:59 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਨਵੀਂ ਅਨਾਜ ਮੰਡੀ ਵਿਖੇ ਆੜ੍ਹਤੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਦਵਿੰਦਰ ਸਿੰਘ ਵੈਦਵਾਨ ਦੀ ਅਗਵਾਈ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਹਲਕਾ ਰਾਜਪੁਰਾ ਵਿਧਾਇਕ ਨੀਨਾ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵਿੰਦਰ ਸਿੰਘ ਮਿਰਜਾਪੁਰ, ਸੰਗਠਨ ਇੰਚਾਰਜ ਰਿਤੇਸ਼ ਬਾਂਸਲ ਸਮੇਤ ਪੁੱਜੇ ਅਤੇ ਲੰਗਰ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਸਮੂਹ ਆੜ੍ਹਤੀ ਭਾਈਚਾਰੇ ਨਾਲ ਮਿਲ ਕੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਰਹਿੰਦੀ ਦੁਨੀਆ ਤਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਉਸ ਸਮੇਂ ਦੇ ਹਾਕਮਾਂ ਦੇ ਸਾਹਮਣੇ ਧਰਮ ਨਾ ਬਦਲਣ ਅਤੇ ਈਨ ਨਾ ਮੰਨਦਿਆਂ ਹੋਇਆਂ ਸ਼ਹੀਦੀ ਜਾਮ ਪੀਤਾ। ਜਿਨ੍ਹਾਂ ਦੀ ਯਾਦ ਵਿੱਚ ਹਰੇਕ ਸਾਲ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਮੌਕੇ ਸੁਨੀਲ ਬਜਾਜ, ਸੁਭਾਸ਼ ਕੁਮਾਰ, ਗੌਰਵ ਥਮਨ, ਸੰਜੀਵ ਗੋਇਲ, ਦਵਿੰਦਰ ਕੁਮਾਰ , ਸ਼ਿਵ ਕੁਮਾਰ, ਜੋਨੀ, ਬਿੱਟੂ ਸਮੇਤ ਹੋਰਨਾਂ ਨੇ ਲੰਗਰਾਂ ਦੀ ਸੇਵਾ ਕੀਤੀ।