ਕਿਸਾਨਾਂ ਨੇ ਚਿਪ ਵਾਲੇ ਮੀਟਰ ਉਤਾਰ ਕੇ ਬਿਜਲੀ ਬੋਰਡ ’ਚ ਜਮ੍ਹਾਂ ਕਰਵਾਏ
ਕਿਸਾਨਾ ਵਲੋਂ ਚਿਪ ਵਾਲੇ ਮੀਟਰ ਉਤਾਰ ਕੇ ਬਿਜਲੀ ਬੋਰਡ ਜਮ੍ਹਾਂ ਕਰਵਾਏ
Publish Date: Thu, 11 Dec 2025 07:13 PM (IST)
Updated Date: Thu, 11 Dec 2025 07:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਚਲਾਈ ਮੁਹਿੰਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾ ਦੇ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਪੇੜਾ, ਸੂਬਾ ਜਥੇਬੰਦਕ ਸਕੱਤਰ ਹੀਰਾ ਸਿੰਘ ਅਲੀਪੁਰ ਅਰਾਈਆਂ, ਦੇਸਾਂ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ, ਦੀਦਾਰ ਸਿੰਘ, ਗੁਰਜੰਟ ਸਿੰਘ, ਜਗੀਰ ਸਿੰਘ ਵੱਲੋਂ ਦੂਸਰੇ ਦਿਨ ਪਿੰਡ ਅਲੀਪੁਰ ਅਰਾਈਆਂ ਵਿੱਚ ਵੱਡੀ ਗਿਣਤੀ ਵਿੱਚ ਚਿਪ ਵਾਲੇ ਮੀਟਰ ਉਤਾਰ ਕੇ ਬਿਜਲੀ ਬੋਰਡ ਦੇ ਸਬ ਡਵੀਜ਼ਨ ਦਫ਼ਤਰ ਪਟਿਆਲਾ ਵਿਖੇ ਜਮ੍ਹਾਂ ਕਰਵਾਏ ਗਏੇ। ਲੋਕਾਂ ਵੱਲੋਂ ਆਪਣੇ ਆਪ ਇਸ ਮੁਹਿੰਮ ਨਾਲ ਜੁੜਨ ’ਤੇ ਆਗੂਆਂ ਵੱਲੋਂ ਕਿਹਾ ਗਿਆ ਕਿ ਜੇਕਰ ਲੋਕਾਂ ਦਾ ਸਾਥ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਨੂੰ ਇਸ ਫੈਸਲੇ ਨੂੰ ਬਦਲਣ ਲਈ ਮਜਬੂਰ ਹੋਣਾ ਪਵੇਗਾ। ਜਿਸ ਤਰ੍ਹਾਂ ਹਰੇਕ ਸਰਕਾਰ ਸਰਕਾਰੀ ਜਾਇਦਾਦਾਂ ਵੇਚ ਕੇ ਆਪਣੇ ਖਜ਼ਾਨੇ ਭਰ ਰਹੀਆਂ ਹਨ। ਕਿਉਂਕਿ ਇਸ ਪੈਸੇ ਨਾਲ ਸਾਮ ਦਾਮ ਦੰਡ ਭੇਤ ਕਰ ਕੇ ਲੋਕਾਂ ਤੋਂ ਵੋਟਾਂ ਲੈਣ ਲਈ ਇਹ ਪੈਸਾ ਵਰਤਿਆ ਜਾਂਦਾ ਹੈ ਤਾਂ ਅਸੀਂ ਇਨਸਾਫ਼ ਦੀ ਉਡੀਕ ਕਿਵੇਂ ਕਰ ਸਕਦੇ ਹਾਂ। ਇਸ ਲਈ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਸਰਕਾਰੀ ਅਦਾਰੇ ਪ੍ਰਾਈਵੇਟ ਹੱਥਾਂ ਵਿੱਚ ਜਾਣ ਤੋਂ ਰੋਕਣ ਲਈ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਜ਼ਰੂਰਤ ਹੈ।