ਨਸਬੰਦੀ ਪੰਦਰਵਾੜੇ ਦੀ ਹੋਈ ਸ਼ੁਰੂਆਤ
ਨਸਬੰਦੀ ਪੰਦਰਵਾੜੇ ਦੀ ਹੋਈ ਸ਼ੁਰੂਆਤ
Publish Date: Fri, 21 Nov 2025 04:22 PM (IST)
Updated Date: Fri, 21 Nov 2025 04:25 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਰਿਵਾਰਾਂ ਨੂੰ ਸੀਮਤ ਰੱਖਣ ਤੇ ਪਰਿਵਾਰ ਨਿਯੋਜਨ ਦੇ ਖੇਤਰ ਵਿਚ ਮਰਦਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ 21 ਤੋਂ 4 ਦਸੰਬਰ ਤੱਕ ਵਿਸ਼ਾ ‘ਸਿਹਤਮੰਦ ਤੇ ਖੁਸ਼ਹਾਲ ਪਰਿਵਾਰ ਮਰਦ ਦੀ ਭਾਗੀਦਾਰੀ ਨਾਲ ਹੀ ਹੋਵੇਗਾ ਇਹ ਸੁਪਨਾ ਸਾਕਾਰ’ ਤਹਿਤ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿਵਲ ਸਰਜਨ ਡਾ.· ਸੰਜੇ ਕਾਮਰਾ ਦੀ ਨਿਗਰਾਨੀ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ ਦੀ ਅਗਵਾਈ ਵਿਚ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਸਮਾਜ ਵਿਚ ਨਸਬੰਦੀ ਦੇ ਸਬੰਧ ਵਿਚ ਜਾਗਰੂਕਤਾ ਪੈਦਾ ਕਰਨਾ ਤੇ ਨਸਬੰਦੀ ਕਰਵਾਉਣ ਲਈ ਪੁਰਸ਼ਾਂ ਨੂੰ ਉਤਸਾਹਿਤ ਕਰਨਾ ਹੈ। ਇਸ ਮੌਕੇ ਡਾ· ਸੰਜੇ ਕਾਮਰਾ ਨੇ ਦੱਸਿਆ ਕਿ ਪੰਦਰਵਾੜੇ ਤਹਿਤ ਅੱਜ ਤੋਂ 27 ਨਵੰਬਰ ਤੱਕ ਚੀਰਾ ਰਹਿਤ ਨਸਬੰਦੀ ਬਾਰੇ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਐਸ ਆਈਜ਼, ਐਲਐਚਵੀਜ਼, ਐਮਪੀਐਚਡਬਲਿਊ, ਏਐਨਐਮ, ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰਜ਼ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਾਅਦ 28 ਨਵੰਬਰ ਤੋਂ 4 ਦਸੰਬਰ ਤੱਕ ਸਰਕਾਰੀ ਸਿਹਤ ਸੰਸਥਾਵਾਂ ਵਿਚ ਨਸਬੰਦੀ ਦੇ ਆਪਰੇਸ਼ਨ ਕੀਤੇ ਜਾਣਗੇ। ਇਸ ਮੌਕੇ ਡਾ.· ਬਲਕਾਰ ਸਿੰਘ ਨੇ ਆਖਿਆ ਕਿ ਇਹ ਇਕ ਛੋਟਾ ਆਪਰੇਸ਼ਨ ਹੈ ਜਿਸ ਵਿਚ ਨਾ ਤਾਂ ਕੋਈ ਚੀਰਾ ਲਾਇਆ ਜਾਂਦਾ ਹੈ ਤੇ ਨਾ ਹੀ ਕੋਈ ਟਾਂਕਾ ਲਾਇਆ ਜਾਂਦਾ ਹੈ। ਆਪਰੇਸ਼ਨ ਦੇ ਇੱਕ ਘੰਟੇ ਬਾਅਦ ਆਦਮੀ ਆਪਣੇ ਘਰ ਜਾ ਸਕਦਾ ਹੈ। 72 ਘੰਟੇ ਬਾਅਦ ਰੋਜ਼ ਦਾ ਕੰਮ ਪਹਿਲਾਂ ਵਾਂਗ ਕਰ ਸਕਦਾ ਹੈ। ਨਸਬੰਦੀ ਆਪਰੇਸ਼ਨ ਤੋਂ ਬਾਅਦ ਕੋਈ ਕਮਜ਼ੋਰੀ ਨਹੀਂ ਹੁੰਦੀ। ਉਨ੍ਹਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਦੇ ਅੰਧਵਿਸ਼ਵਾਸ ਵਿੱਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਆਖਿਆ ਕਿ ਇਹ ਔਰਤਾਂ ਦੇ ਨਲਬੰਦੀ ਦੇ ਆਪਰੇਸ਼ਨ ਤੋਂ ਜ਼ਿਆਦਾ ਆਸਾਨ ਹੈ। ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਨਸਬੰਦੀ ਆਪਰੇਸ਼ਨ ਕਰਵਾਉਣ ਵਾਲੇ ਨੂੰ 1100 ਰੁਪਏ ਦਿੱਤੇ ਜਾਂਦੇ ਹਨ ਤੇ ਮੋਟੀਵੇਟਰ ਨੂੰ 200 ਰੁਪਏ ਦਿੱਤੇ ਜਾਂਦੇ ਹਨ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਜੁਪਿੰਦਰਪਾਲ ਕੌਰ, ਜਿਲ੍ਹਾ ਬੀ·ਸੀ·ਸੀ ਕੁਆਰਡੀਨੇਟਰ ਜਸਬੀਰ ਕੌਰ ਸਮੇਤ, ਬੀਈਈ ਸ਼ਿਆਨ ਜ਼ਫਰ, ਬਿੱਟੂ ਤੇ ਹੋਰ ਸਟਾਫ ਹਾਜ਼ਰ ਸਨ।