ਚੋਣਾਂ ਕਾਂਗਰਸ ਪਾਰਟੀ ਦਾ ਟਰੇਲਰ : ਕੰਬੋਜ
ਚੋਣਾਂ ਕਾਂਗਰਸ ਪਾਰਟੀ ਦਾ ਟਰੇਲਰ ਜਦਕਿ ਪਿਕਚਰ 2027 ’ਚ ਸਾਫ ਹੋ ਜਾਵੇਗੀ: ਕੰਬੋਜ
Publish Date: Thu, 18 Dec 2025 06:16 PM (IST)
Updated Date: Thu, 18 Dec 2025 06:18 PM (IST)

ਫੋਟੋ 18ਪੀਟੀਐਲ: 26 ਐਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਨ ਸਮੇਂ ਤੋਂ ਹੀ ਕਾਂਗਰਸੀ ਉਮੀਦਵਾਰਾਂ ਦੀ ਫਾਈਲਾਂ ਪੜਵਾ ਕੇ ਅਤੇ ਪੁਲਿਸ ਦੀ ਦੁਰਵਰਤੋਂ ਕਰਕੇ ਮੌਜੂਦਾ ਵਿਧਾਇਕਾ ਚੋਣਾਂ ਜਿੱਤਣ ਦਾ ਇਰਾਦਾ ਸਾਫ ਹੋ ਗਿਆ ਸੀ। ਪਰ ਹਲਕੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ 15 ’ਚੋਂ 8 ਉਮੀਦਵਾਰ ਜਿਤਾ ਕੇ ਸੱਤਾ ਧਿਰ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਹੈ। ਕੰਬੋਜ ਅੱਜ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਅਸਲ ਵਿਚ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਦੇ 11 ਉਮੀਦਵਾਰ ਜਿੱਤੇ ਹਨ ਕਿਉਂਕਿ ਜਦੋਂ ਨਿਰਪੱਖ ਹੋ ਕੇ ਵੋਟਾਂ ਦਾ ਗਿਣਤੀ ਚਲ ਰਹੀ ਸੀ ਤੇ ਉਸ ਸਮੇਂ ਕਾਂਗਰਸ ਦੇ 8 ਉਮੀਦਵਾਰਾਂ ਦੀ ਜਿੱਤ ਦਾ ਜਦੋਂ ਐਲਾਨ ਹੋਇਆ ਤਾਂ ਉਸ ਤੋਂ ਬਾਅਦ 3 ਜੋਨਾਂ ਉਕਸੀ ਜੱਟਾਂ, ਚੰਦੂਮਾਜਰਾ ਅਤੇ ਰੰਗੀਆਂ ਦੇ ਨਤੀਜਿਆਂ ਵਿਚ ਦੇਰੀ ਕਰ ਦਿੱਤੀ ਗਈ ਤੇ ਉਕਤ 3 ਜ਼ੋਨਾਂ ਦੇ ਕਾਂਗਰਸੀ ਉਮੀਦਵਾਰ ਜੋ ਕਿ ਜਿੱਤ ਚੁੱਕੇ ਸਨ ਤਾਂ ਦੁਬਾਰਾ ਗਿਣਤੀ ਕਰਵਾ ਕੇ ਉਹਨਾਂ ਨੂੰ 2—4 ਵੋਟਾਂ ਦੇ ਫਰਕ ਨਾਲ ਹਾਰਿਆ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਜੋ ਗੁੰਡਾ ਗਰਦੀ ਆਪ ਦੇ ਗੁੰਡਿਆਂ ਤੋਂ ਚੋਣਾਂ ਵਿਚ ਕਰਵਾਈ ਜਾ ਰਹੀ ਹੈ ਉਸਦਾ ਖ਼ਮਿਆਜਾ ਮੋਜੂਦਾ ਵਿਧਾਇਕਾ ਨੂੰ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾ ਵਿਚ ਭੁਗਤਨਾ ਪਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਤਾਂ ਸਿਰਫ ਇੱਕ ਟਰੇਲਰ ਸੀ ਸਗੋਂ 2027 ਦੀਆਂ ਚੋਣਾਂ ਦੌਰਾਨ ਪਿਚਰ ਸਾਫ ਹੋ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਦਿਹਾਤੀ ਬਲਦੇਵ ਸਿੰਘ ਗੱਦੋਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਕਿਸਾਨ ਸੇੱਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੰਡੋਲੀ, ਮਲਕੀਤ ਸਿੰਘ ਉੱਪਲਹੇੜੀ, ਸੰਨੀ ਕਾਠਪਾਲ, ਹਰਵਿੰਦਰ ਸਿੰਘ, ਜੱਗਾ ਕੋਟਲਾ ਸਮੇਤ ਹੋਰ ਮੌਜੂਦ ਸਨ।