ਖ਼ੂਨ 'ਚ ਬਦਲੀ ਦੋਸਤੀ: 35 ਲੱਖ ਦੇ ਝਗੜੇ ਨੇ ਬਚਪਨ ਦੇ ਯਾਰ ਨੂੰ ਬਣਾਇਆ ਕਾਤਲ, ਚਾਕੂ ਨਾਲ 30 ਵਾਰ ਕਰਕੇ ਦਿੱਤੀ ਦਰਦਨਾਕ ਮੌਤ
ਕਤਲ ਤੋਂ ਬਾਅਦ ਮੋਹਿਤ ਨੇ ਮ੍ਰਿਤਕ ਦੇ ਖਾਤੇ ਵਿੱਚੋਂ 25 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਅਤੇ ਜ਼ਖਮਾਂ ਦਾ ਇਲਾਜ ਕਰਵਾਉਣ ਮਗਰੋਂ ਫ਼ਰਾਰ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Fri, 22 May 2026 08:48 AM (IST)
Updated Date: Fri, 22 May 2026 08:52 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਪੈਸਿਆਂ ਦੇ ਲਾਲਚ ਨੇ ਬਚਪਨ ਦੀ ਦੋਸਤੀ ਨੂੰ ਖੂਨੀ ਅੰਜਾਮ ਤੱਕ ਪਹੁੰਚਾ ਦਿੱਤਾ। ਪਟਿਆਲਾ ਦੇ ਨਿਊ ਲਾਲ ਬਾਗ ਸਥਿਤ ਪੀਜੀ ਵਿੱਚ ਰਹਿੰਦੇ ਮੈਡੀਕਲ ਵਿਦਿਆਰਥੀ ਕਮਲਦੀਪ ਮਿੱਤਲ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਬਚਪਨ ਦੇ ਦੋਸਤ ਮੋਹਿਤ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਵੇਂ ਪਹਿਲੀ ਤੋਂ ਦਸਵੀਂ ਤੱਕ ਇਕੱਠੇ ਪੜ੍ਹੇ ਸਨ ਅਤੇ ਗੁਆਂਢੀ ਵੀ ਰਹੇ ਹਨ।
ਜਾਂਚ ਵਿੱਚ ਸਾਹਮਣੇ ਆਇਆ ਕਿ ਮੋਹਿਤ ਨੇ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਦੇ ਨਾਂ ’ਤੇ ਕਮਲਦੀਪ ਤੋਂ ਕਰੀਬ 35 ਲੱਖ ਰੁਪਏ ਲਏ ਸਨ, ਜੋ ਉਸ ਨੇ ਆਨਲਾਈਨ ਜੂਏ ਅਤੇ ਗੇਮਿੰਗ ਐਪਾਂ ਵਿੱਚ ਹਾਰ ਦਿੱਤੇ। ਜਦੋਂ ਕਮਲਦੀਪ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਮੋਹਿਤ ਨੇ ਕਤਲ ਦੀ ਸਾਜ਼ਿਸ਼ ਰਚ ਲਈ। 17 ਮਈ ਨੂੰ ਦੋਵਾਂ ਨੇ ਇਕੱਠੇ ਪੰਜਾਬੀ ਫ਼ਿਲਮ ਦੇਖੀ, ਆਈਪੀਐੱਲ ਮੈਚ ਵੇਖਿਆ ਅਤੇ ਰਾਤ ਨੂੰ ਇਕੱਠੇ ਖਾਣਾ ਖਾ ਕੇ ਪੀਜੀ ਵਿੱਚ ਸੌਂ ਗਏ। ਅਗਲੀ ਸਵੇਰ ਮੋਹਿਤ ਨੇ ਕਮਲਦੀਪ ’ਤੇ ਪਿੱਛੋਂ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਿਸ ਮੁਤਾਬਕ ਉਸ ਨੇ 25 ਤੋਂ 30 ਵਾਰ ਕਰਕੇ ਕਮਲਦੀਪ ਦੀ ਹੱਤਿਆ ਕੀਤੀ। ਕਤਲ ਤੋਂ ਬਾਅਦ ਮੋਹਿਤ ਨੇ ਮ੍ਰਿਤਕ ਦੇ ਖਾਤੇ ਵਿੱਚੋਂ 25 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਅਤੇ ਜ਼ਖਮਾਂ ਦਾ ਇਲਾਜ ਕਰਵਾਉਣ ਮਗਰੋਂ ਫ਼ਰਾਰ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।