ਮਾਹਰਾਂ ਅਨੁਸਾਰ ਇਸ ਵਾਰ ਮੰਗ ਵਿੱਚ ਹੋਇਆ ਇਹ ਵਾਧਾ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਸ਼ਨੀਵਾਰ ਸ਼ਾਮ ਪੰਜ ਵਜੇ ਤੱਕ ਬਿਜਲੀ ਦੀ ਮੰਗ 9,220 ਮੈਗਾਵਾਟ ਦਰਜ ਕੀਤੀ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੇ ਸਰਕਾਰੀ, ਨਿੱਜੀ ਥਰਮਲ ਪਲਾਂਟਾਂ ਅਤੇ ਹਾਈਡਰੋ ਪ੍ਰੋਜੈਕਟਾਂ ਤੋਂ ਕੁੱਲ 4,681 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿੱਚ ਅਪ੍ਰੈਲ ਮਹੀਨੇ ਦੌਰਾਨ ਪੈ ਰਹੀ ਅੱਤ ਦੀ ਗਰਮੀ ਨੇ ਬਿਜਲੀ ਦੀ ਮੰਗ ਵਿੱਚ ਭਾਰੀ ਉਛਾਲ ਲਿਆਂਦਾ ਹੈ। ਸ਼ਨੀਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 12 ਹਜ਼ਾਰ 130 ਮੈਗਾਵਾਟ ਦਰਜ ਕੀਤੀ ਗਈ, ਜਿਸ ਨੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2025 ਦੇ ਅਪ੍ਰੈਲ ਮਹੀਨੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 10,863 ਮੈਗਾਵਾਟ ਸੀ, ਜਦੋਂਕਿ ਸਾਲ 2024 ਵਿੱਚ ਇਹ ਅੰਕੜਾ ਮਹਿਜ਼ 9,950 ਮੈਗਾਵਾਟ ਰਿਹਾ ਸੀ। ਮਾਹਰਾਂ ਅਨੁਸਾਰ ਇਸ ਵਾਰ ਮੰਗ ਵਿੱਚ ਹੋਇਆ ਇਹ ਵਾਧਾ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਸ਼ਨੀਵਾਰ ਸ਼ਾਮ ਪੰਜ ਵਜੇ ਤੱਕ ਬਿਜਲੀ ਦੀ ਮੰਗ 9,220 ਮੈਗਾਵਾਟ ਦਰਜ ਕੀਤੀ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੇ ਸਰਕਾਰੀ, ਨਿੱਜੀ ਥਰਮਲ ਪਲਾਂਟਾਂ ਅਤੇ ਹਾਈਡਰੋ ਪ੍ਰੋਜੈਕਟਾਂ ਤੋਂ ਕੁੱਲ 4,681 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ। ਬਾਕੀ ਰਹਿੰਦੀ ਬਿਜਲੀ ਦੀ ਪੂਰਤੀ ਲਈ ਪੰਜਾਬ ਨੂੰ ਕੇਂਦਰੀ ਪੂਲ 'ਤੇ ਨਿਰਭਰ ਹੋਣਾ ਪਿਆ, ਜਿੱਥੋਂ ਕਰੀਬ 4,500 ਮੈਗਾਵਾਟ ਬਿਜਲੀ ਹਾਸਿਲ ਕੀਤੀ ਗਈ ਹੈ।
ਬਿਜਲੀ ਦੀ ਵਧਦੀ ਮੰਗ ਦੇ ਵਿਚਕਾਰ ਕੁਝ ਤਕਨੀਕੀ ਕਾਰਨਾਂ ਕਰਕੇ ਰੋਪੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦਾ ਇੱਕ-ਇੱਕ ਯੂਨਿਟ ਬੰਦ ਰਿਹਾ। ਰੋਪੜ ਪਲਾਂਟ ਦੇ ਤਿੰਨ ਯੂਨਿਟਾਂ ਤੋਂ 412 ਮੈਗਾਵਾਟ ਉਤਪਾਦਨ ਹੋਇਆ। ਲਹਿਰਾ ਮੁਹੱਬਤ ਦੇ ਚਾਰ ਯੂਨਿਟਾਂ ਤੋਂ 800 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਗੋਇੰਦਵਾਲ ਸਾਹਿਬ ਦੇ ਇੱਕ ਯੂਨਿਟ ਰਾਹੀਂ 251 ਮੈਗਾਵਾਟ ਉਤਪਾਦਨ ਦਰਜ ਹੋਇਆ। ਰਾਜਪੁਰਾ ਪਲਾਂਟ ਦੇ ਦੋਵਾਂ ਯੂਨਿਟਾਂ ਨੇ ਮਿਲ ਕੇ 1,317 ਮੈਗਾਵਾਟ ਬਿਜਲੀ ਦੀ ਸਪਲਾਈ ਦਿੱਤੀ। ਤਲਵੰਡੀ ਸਾਬੋ ਦੇ ਤਿੰਨ ਯੂਨਿਟਾਂ ਤੋਂ ਸਭ ਤੋਂ ਵੱਧ 1,467 ਮੈਗਾਵਾਟ ਉਤਪਾਦਨ ਹੋਇਆ। ਇਸ ਤੋਂ ਇਲਾਵਾ, ਸੂਬੇ ਦੇ ਹਾਈਡਰੋ ਪ੍ਰੋਜੈਕਟਾਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ 217 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਗਈ ਹੈ। ਪਾਵਰਕਾਮ ਲਈ ਵਧਦੀ ਮੰਗ ਨੂੰ ਬਿਨਾਂ ਕੱਟਾਂ ਦੇ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਕੁਝ ਇਲਾਕਿਆਂ ਵਿਚੋਂ ਹਾਲਾਂਕਿ ਕੇਂਦਰੀ ਪੂਲ ਤੋਂ ਮਿਲ ਰਹੀ ਮਦਦ ਕਾਰਨ ਸਥਿਤੀ ਕੰਟਰੋਲ ਵਿੱਚ ਹੈ, ਪਰ ਜੇਕਰ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਿਹਾ ਅਤੇ ਏਅਰ ਕੰਡੀਸ਼ਨਰਾਂ ਦੀ ਵਰਤੋਂ ਵਧੀ, ਤਾਂ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਪ੍ਰਬੰਧਨ ਹੋਰ ਵੀ ਪੇਚੀਦਾ ਹੋ ਸਕਦਾ ਹੈ।