ਡੀਏਵੀ ਸਕੂਲ ’ਚ ਸ਼ਹੀਦੀ ਦਿਹਾੜਾ ਮਨਾਇਆ
ਡੀਏਵੀ ਸਕੂਲ ਪਟਿਆਲਾ ’ਚ ਨੌਵੇਂ ਪਾਤਸ਼ਾਹ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ
Publish Date: Mon, 24 Nov 2025 05:20 PM (IST)
Updated Date: Mon, 24 Nov 2025 05:22 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ਦਾ ਪੂਰਾ ਮਾਹੌਲ ਉਸ ਵੇਲੇ ਪਵਿੱਤਰ ਤੇ ਸ਼ਾਂਤਮਈ ਹੋ ਗਿਆ ਜਦੋਂ ਸਭ ਨੇ ‘ਤੇਗ ਬਹਾਦੁਰ ਸਿਮਰਿਐ, ਘਰ ਨਉ ਨਿਧਿ ਆਵੈ ਧਾਏ” ਦਾ ਸਾਂਝਾ ਜਾਪ ਕਰਕੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਦਸਵੀਂ ਜਮਾਤ ਦੀ ਰਾਜਵਿੰਦਰ ਕੌਰ ਨੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੇ ਉੱਚ ਆਦਰਸ਼ਾਂ ਅਤੇ ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਕੀਤੀਆਂ ਬੇਮਿਸਾਲ ਕੁਰਬਾਨੀਆਂ ਬਾਰੇ ਰੌਸ਼ਨੀ ਪਾਈ। ਗੁਰੂ ਸਾਹਿਬ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਰੂਪ ਵਿੱਚ ਸਨਮਾਨ ਦਿੱਤਾ ਜਾਂਦਾ ਹੈ, ਨੇ ਸੱਚ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਨਿਛਾਵਰ ਕੀਤਾ। ਕਲਾਸ ਗਿਆਰਵੀਂ ਦੀ ਰਬਜੋਤ ਕੌਰ ਨੇ ਆਪਣੀ ਰੂਹਾਨੀ ਕਵਿਸ਼ਰੀ ਨਾਲ ਸਮਾਗਮ ਵਿੱਚ ਭਗਤੀ ਅਤੇ ਭਾਵਨਾ ਦਾ ਸੁੰਦਰ ਰੰਗ ਭਰਿਆ। ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪਾਠ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਗਈ ਅਤੇ ਵਾਹਿਗੁਰੂ ਤੋਂ ਆਸ਼ੀਸ਼ਾਂ ਦੀ ਅਰਦਾਸ ਕੀਤੀ ਗਈ। ਪ੍ਰੋਗਰਾਮ ਦਾ ਸਮਾਪਤੀ ਅਰਦਾਸ ਤੋਂ ਬਾਅਦ ਪ੍ਰਸਾਦ ਵੰਡ ਕੇ ਹੋਈ। ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਆਪਣੇ ਸੰਬੋਧਨ ਵਿੱਚ ਸਭ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਦੱਸੇ ਹੋਏ ਸੱਚ, ਹਿੰਮਤ ਅਤੇ ਦਇਆ ਦੇ ਰਸਤੇ ’ਤੇ ਤੁਰਨ ਲਈ ਪ੍ਰੇਰਿਤ ਕੀਤਾ।