ਡੀਏਵੀ ਐਲੂਮਨੀ ਮੀਟ ’ਚ ਰਿਤਿਨ ਡੀਏਵੀ ਐਂਬੈਸਡਰ ਐਲਾਨੇ
ਡੀਏਵੀ ਐਲੂਮਨੀ ਮੀਟ–2026 ਵਿੱਚ ਰਿਤਿਨ ਵਤ੍ਰਾਣਾ ਡੀਏਵੀ ਐਂਬੈਸਡਰ ਘੋਸ਼ਿਤ
Publish Date: Fri, 16 Jan 2026 04:59 PM (IST)
Updated Date: Fri, 16 Jan 2026 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਪਬਲਿਕ ਸਕੂਲ, ਭੂਪਿੰਦਰਾ ਰੋਡ, ਪਟਿਆਲਾ ਵਿਚ ਡੀਏਵੀ ਐਲੂਮਨੀ ਮੀਟ–2026 ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਬੈਚਾਂ ਦੇ ਪੁਰਾਣੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕਾਰਜਕ੍ਰਮ ਦੀ ਸ਼ੁਰੂਆਤ ਡੀਏਵੀ ਗੀਤ ਨਾਲ ਹੋਈ ਅਤੇ ਉਸ ਤੋਂ ਬਾਅਦ ਦੀਪ ਜਗ੍ਹਾ ਕੇ ਕੀਤੀ ਗਈ। ਪ੍ਰਿਆ ਕਪੂਰ ਅਤੇ ਇੰਦਰਬੀਰ ਮਰੀਆ ਨੇ ਮੁੱਖ ਮਹਿਮਾਨ ਅਨੂ ਤਿਵਾਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਰੰਗ-ਬਿਰੰਗੀਆਂ ਸੱਭਿਆਚਾਰਕ ਪ੍ਰਸਤੁਤੀਆਂ ਨੇ ਸਮਾਗਮ ਵਿਚ ਰੌਣਕ ਤੇ ਉਰਜਾ ਭਰ ਦਿੱਤੀ। ਇਹ ਐਲੂਮਨੀ ਮੀਟ ਪੁਰਾਣੇ ਵਿਦਿਆਰਥੀਆਂ ਲਈ ਆਪਣੇ ਅਲਮਾ ਮੈਟਰ ਨਾਲ ਮੁੜ ਜੁੜਨ ਅਤੇ ਮਿੱਠੀਆਂ ਯਾਦਾਂ ਤਾਜ਼ਾ ਕਰਨ ਦਾ ਸੁੰਦਰ ਮੌਕਾ ਬਣਿਆ। ਐਲੂਮਨੀ ਲਈ ਖਾਸ ਤੌਰ ’ਤੇ ਮਨੋਰੰਜਕ ਖੇਡਾਂ ਅਤੇ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਵਿਵੇਕ ਤਿਵਾਰੀ ਨੇ ਪੁਰਾਣੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਕੂਲ ਨਾਲ ਸਦਾ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਵਿੱਖੀ ਪੀੜ੍ਹੀਆਂ ਦੀ ਤਿਆਰੀ ਅਤੇ ਡੀਏਵੀ ਸੰਸਥਾਵਾਂ ਦੀ ਮਹਾਨ ਵਿਰਾਸਤ ਨੂੰ ਮਜ਼ਬੂਤ ਕਰਨ ’ਚ ਐਲੂਮਨੀ ਦੇ ਯੋਗਦਾਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਕਾਰਜਕ੍ਰਮ ਦਾ ਮੁੱਖ ਆਕਰਸ਼ਣ ਡੀਏਵੀ ਐਂਬੈਸਡਰ ਦੀ ਚੋਣ ਰਹੀ, ਜਿਸ ਲਈ ਪੁਰਾਣੇ ਵਿਦਿਆਰਥੀਆਂ ਨੇ ਵੱਖ-ਵੱਖ ਦਿਲਚਸਪ ਅਤੇ ਮੁਕਾਬਲਾਤਮਕ ਦੌਰਾਂ ’ਚ ਉਤਸ਼ਾਹ ਨਾਲ ਭਾਗ ਲਿਆ। ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਸੰਸਥਾ ਨਾਲ ਮਜ਼ਬੂਤ ਨਾਤੇ ਦੇ ਆਧਾਰ ’ਤੇ ਸ਼੍ਰੀ ਰਿਤਿਨ ਵਤ੍ਰਾਣਾ (ਬੈਚ 2000, ਕਲਾਸ ਦਸਵੀਂ) ਨੂੰ ਡੀਏਵੀ ਐਂਬੈਸਡਰ ਘੋਸ਼ਿਤ ਕੀਤਾ ਗਿਆ। ਇਸ ਮੌਕੇ ਪੁਰਾਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਅਤੇ ਸਕੂਲ ਨਾਲ ਨਿਰੰਤਰ ਜੁੜਾਵ ਲਈ ਸਨਮਾਨਿਤ ਵੀ ਕੀਤਾ ਗਿਆ। ਕਾਰਜਕ੍ਰਮ ਦਾ ਸਮਾਪਨ ਐਲੂਮਨੀ ਕਮੇਟੀ ਦੇ ਕਨਵੀਨਰ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਹੋਇਆ। ਇਸ ਤੋਂ ਬਾਅਦ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਗਾਇਕ ਹਰਵਿੰਦਰ ਸਿੰਘ ਦੇ ਗੀਤਾਂ ’ਤੇ ਸਾਰੇ ਹਾਜ਼ਰੀਨਾਂ ਨੇ ਭੰਗੜਾ ਤੇ ਡਾਂਸ ਕੀਤਾ ਗਿਆ।