ਬੇਕਾਬੂ ਘੋੜਾ ਡੂੰਘੇ ਛੱਪੜ ’ਚ ਵੜਿਆ, ਨੌਜਵਾਨ ਦੀ ਮੌਤ
ਬੇਕਾਬੂ ਘੋੜਾ ਡੂੰਘੇ ਛੱਪੜ ‘ਚ ਵੜਿਆ, ਨੌਜਵਾਨ ਦੀ ਮੌਤ
Publish Date: Sat, 24 Jan 2026 06:18 PM (IST)
Updated Date: Sat, 24 Jan 2026 06:22 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਪਿੰਡ ਨੌਗਾਵਾਂ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਜਾਨ ਚਲੀ ਗਈ। ਇਸ ਸਬੰਧੀ ਪਿੰਡ ਨੌਗਾਵਾਂ ਦੇ ਪੈਟਰੋਲ ਪੰਪ ਮਾਲਕ ਦਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਸੀਕਰ ਰਾਜਸਥਾਨ ਤੋਂ ਇੱਕ ਘੋੜਾ ਮੰਗਵਾਇਆ ਗਿਆ ਸੀ। ਇਸ ਘੋੜੇ ਨਾਲ ਟ੍ਰੇਨਰ ਸਮੀਰ ਅਤੇ ਇੱਕ ਹੋਰ ਵਿਅਕਤੀ ਸੌਕੀਨ ਵੀ ਪਿੰਡ ਨੌਗਾਵਾਂ ਆਏ ਹੋਏ ਸਨ। ਜਦੋਂ ਸੌਕੀਨ ਘੋੜੇ ਦੀ ਸਵਾਰੀ ਕਰਦਾ ਹੋਇਆ ਪਿੰਡ ਨੌਗਾਵਾਂ ਵੱਲ ਜਾ ਰਿਹਾ ਸੀ ਤਾਂ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਸਵਾਰ ਸਮੇਤ ਸੜਕ ਨਾਲ ਸਥਿਤ ਡੂੰਘੇ ਛੱਪੜ ਵਿੱਚ ਜਾ ਵੜਿਆ। ਛੱਪੜ ਕਾਫੀ ਡੂੰਘਾ ਹੋਣ ਕਾਰਨ ਸੌਕੀਨ ਦੀ ਡੁੱਬਣ ਨਾਲ ਮੌਤ ਹੋ ਗਈ। ਹਾਦਸੇ ਮਗਰੋਂ ਰੌਲਾ ਪੈਣ ’ਤੇ ਪਿੰਡ ਵਾਸੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਘੋੜੇ ਨੂੰ ਤਾਂ ਬਚਾ ਲਿਆ ਗਿਆ, ਪਰ ਸਵਾਰ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਮਾਮਲੇ ਸਬੰਧੀ ਪਿੰਡ ਨੌਗਾਵਾਂ ਦੇ ਸਰਪੰਚ ਬੰਟੀ ਨੌਗਾਵਾਂ ਨੇ ਦੱਸਿਆ ਕਿ ਛੱਪੜ ਬਹੁਤ ਹੀ ਡੂੰਘਾ ਹੈ ਅਤੇ ਇਸ ਦੇ ਬਿਲਕੁਲ ਨੇੜੇ ਰਿਹਾਇਸ਼ੀ ਇਲਾਕਾ ਅਤੇ ਮੁੱਖ ਸੜਕ ਸਥਿਤ ਹੈ। ਉਨ੍ਹਾਂ ਕਿਹਾ ਕਿ ਛੱਪੜ ਦੇ ਆਲੇ-ਦੁਆਲੇ ਸੁਰੱਖਿਆ ਲਈ ਕੰਧ ਜਾਂ ਐਂਗਲ ਲਗਾਉਣ ਸਬੰਧੀ ਮੰਗ ਪਹਿਲਾਂ ਹੀ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਜਿਵੇਂ ਹੀ ਇਸ ਕੰਮ ਲਈ ਗ੍ਰਾਂਟ ਪ੍ਰਾਪਤ ਹੁੰਦੀ ਹੈ, ਤੁਰੰਤ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੀਤੇ ਜਾਣਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਛੱਪੜ ਦੇ ਚਾਰੋਂ ਪਾਸੇ ਕੰਧ ਜਾਂ ਐਂਗਲ ਲੱਗੇ ਹੁੰਦੇ ਤਾਂ ਇਸ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਆਵਾਜਾਈ ਕਾਫੀ ਜ਼ਿਆਦਾ ਰਹਿੰਦੀ ਹੈ ਅਤੇ ਧੁੰਦਾਂ ਦੇ ਮੌਸਮ ਵਿੱਚ ਹਾਦਸਿਆਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦੇ ਕੇ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।