ਆਪ੍ਰੇਸ਼ਨ ਕਾਸੋ ਤਹਿਤ ਨਸ਼ੇ ਵੇਚਣ ਵਾਲਿਆਂ ਦੇ ਘਰਾਂ ’ਚ ਕੀਤੀ ਛਾਪੇਮਾਰੀ
ਆਪਰੇਸ਼ਨ ਕਾਸੋ ਤਹਿਤ ਨਸ਼ੇ ਵੇਚਣ ਵਾਲਿਆਂ ਦੇ ਘਰਾਂ ’ਚ ਕੀਤੀ ਛਾਪੇਮਾਰੀ
Publish Date: Sat, 17 Jan 2026 06:18 PM (IST)
Updated Date: Sat, 17 Jan 2026 06:21 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਡੀਐੱਸਪੀ ਰਾਜਪੁਰਾ ਮਨਜੀਤ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਸਰਕਲ ਦੀ ਪੁਲਿਸ ਵੱਲੋਂ ਆਪ੍ਰੇਸ਼ਨ ਕਾਸੋ ਦੇ ਤਹਿਤ ਢੇਹਾ ਬਸਤੀ (ਰੋਸ਼ਨ ਕਾਲੋਨੀ) ਪੁਰਾਣਾ ਰਾਜਪੁਰਾ ਅਤੇ ਢੇਹਾ ਕਾਲੋਨੀ (ਮਿਰਚ ਮੰਡੀ) ਵਿਖੇ ਨਸ਼ੇ ਵੇਚਣ ਵਾਲੇ ਵਿਅਕਤੀਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ। ਇਸ ਸਾਰੀ ਕਾਰਵਾਈ ਨੂੰ ਥਾਣਾ ਸਿਟੀ ਰਾਜਪੁਰਾ, ਸਦਰ ਥਾਣਾ ਰਾਜਪੁਰਾ ਅਤੇ ਬਨੂੜ ਥਾਣਾ ਦੀ ਪੁਲਿਸ ਫੋਰਸ ਨੇ ਇੰਸਪੈਕਟਰ ਗੁਰਸੇਵਕ ਸਿੰਘ, ਥਾਣੇਦਾਰ ਦਵਿੰਦਰ ਸਿੰਘ ਅਤੇ ਇੰਸਪੈਕਟਰ ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਸਾਂਝੇ ਤੌਰ ਉੱਤੇ ਕਾਰਵਾਈ ਵਿੱਢੀ ਗਈ। ਇਸ ਦੌਰਾਨ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਦਾਖ਼ਲ ਹੋ ਕੇ ਤਲਾਸ਼ੀਆਂ ਲਈਆਂ ਅਤੇ ਦੋਵੇ ਬਸਤੀਆਂ ਦੇ ਲੋਕਾਂ ਨੂੰ ਨਸ਼ੇ ਵੇਚਣ ਅਤੇ ਨਸ਼ੇ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰੇਰਿਆ। ਇਸ ਮੌਕੇ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਥਾਣਾ ਸਿਟੀ ਐੱਸਐੱਚਓ ਇੰਸਪੈਕਟਰ ਗੁਰਸੇਵਕ ਸਿੰਘ ਨੇ ਕਿਹਾ ਕਿ ਡੀਆਈਜੀ ਪਟਿਆਲਾ ਰੇਂਜ, ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਜਾਰੀ ਕੀਤੀਆਂ ਹਦਾਹਿਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਕਾਸੋ ਤਹਿਤ 3 ਥਾਣਿਆਂ ਦੀ ਪੁਲਿਸ ਅਤੇ ਪੀਸੀਆਰ ਦੇ ਜਵਾਨਾਂ ਨੇ ਦੋ ਹਾਟ ਸਪਾਟ ਢੇਹਾ ਬਸਤੀ (ਰੋਸ਼ਨ ਕਾਲੋਨੀ) ਪੁਰਾਣਾ ਰਾਜਪੁਰਾ ਅਤੇ ਢੇਹਾ ਬਸਤੀ (ਮਿਰਚ ਮੰਡੀ) ਵਿਖੇ ਨਸ਼ਾ ਵੇਚਣ ਵਾਲੇ ਵਿਅਕਤੀ ਜਿਨ੍ਹਾਂ ਤੇ ਪਹਿਲਾਂ ਵੀ ਐੱਨਡੀਪੀਐੱਸ ਤਹਿਤ ਕੇਸ ਦਰਜ ਹਨ, ਦੇ ਘਰਾਂ ਵਿਚ ਛਾਪਾਮਾਰੀ ਕੀਤੀ ਗਈ ਹੈ ਤੇ ਉਹ ਘਰੋਂ ਭੱਜੇ ਹੋਏ ਹਨ। ਇਹ ਆਪ੍ਰੇਸ਼ਨ ਸ਼ਾਮ ਤਕ ਚੱਲੇਗਾ ਅਤੇ ਨਸ਼ਿਆਂ ਵਿਰੁੱਧ ਚੱਲਦਾ ਹੀ ਰਹੇਗਾ। ਇਸ ਮੋਕੇ ਪੁਲਿਸ ਚੌਕੀ ਕਸਤੂਰਬਾ ਦੇ ਇੰਚਾਰਜ ਥਾਣੇਦਾਰ ਨਿਸ਼ਾਨ ਸਿੰਘ, ਚੌਕੀ ਬੱਸ ਅੱਡਾ ਦੇ ਇੰਚਾਰਜ ਥਾਣੇਦਾਰ ਬਲਬੀਰ ਸਿੰਘ, ਪੀਸੀਆਰ ਦੇ ਜਵਾਨ ਸਮੇਤ 3 ਥਾਣਿਆਂ ਦੀ ਪੁਲਿਸ ਫੋਰਸ ਮੌਜੂਦ ਸੀ।