ਇਨਡੋਰ ਸਟੇਡੀਅਮ ਬਣਨ ਨਾਲ ਕੌਮੀਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਹੋਣਗੇ : ਚੀਮਾ
ਇੰਡੋਰ ਸਟੇਡੀਅਮ ਬਣਨ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਹੋਣਗੇ-ਚੀਮਾ
Publish Date: Wed, 10 Dec 2025 04:07 PM (IST)
Updated Date: Wed, 10 Dec 2025 04:09 PM (IST)

ਕਰੀਬ ਅੱਠ ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਇੰਡੋਰ ਸਟੇਡੀਅਮ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਸਥਾਨਕ ਸ਼ਹਿਰ ਵਿਚ ਬਣ ਰਹੇ ਇਨਡੋਰ ਸਟੇਡੀਅਮ ਦਾ ਅਚਾਨਕ ਜਾਇਜਾ ਲੈਣ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਬੱਡੀ ਦਾ ਮੱਕਾ ਮੰਨੇ ਜਾਣ ਵਾਲੇ ਦਿੜ੍ਹਬਾ ਦੇ ਸਟੇਡੀਅਮ ਨੇ ਪਹਿਲਾਂ ਹੀ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਕਬੱਡੀ ਦੇ ਖਿਡਾਰੀ ਤਿਆਰ ਕੀਤੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖੇਡਾਂ ਪ੍ਰਤੀ ਬੇਹਤਰ ਸੋਚ ਨੂੰ ਮੁੱਖ ਰੱਖਦੇ ਹੋਏ ਦਿੜ੍ਹਬਾ ਅੰਦਰ ਕੌਮਾਂਤਰੀ ਪੱਧਰ ਦਾ ਇਨਡੋਰ ਸਟੇਡੀਅਮ ਬਣਾਇਆ ਜਾ ਰਿਹਾ ਹੈ। ਇਹ ਸਟੇਡੀਅਮ ਦਾ ਨਿਰਮਾਣ ਕਰੀਬ ਛੇ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜੋ ਕਿ ਤਿੰਨ ਜਾਂ ਚਾਰ ਮਹੀਨਿਆਂ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਰੀਬ ਅੱਠ ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਇਸ ਸਟੇਡੀਅਮ ਅੰਦਰ 11 ਖੇਡਾਂ ਇੱਕੋ ਸਮੇਂ ਖੇਡੀਆਂ ਜਾ ਸਕਦੀਆਂ ਹਨ। ਇਹ ਸਟੇਡੀਅਮ ਜ਼ਿਲਾ ਪੱਧਰ ਤੇ ਬਣੇ ਹੋਏ ਸਟੇਡੀਅਮ ਦੇ ਬਰਾਬਰ ਸਹੂਲਤਾਂ ਪ੍ਰਦਾਨ ਕਰੇਗਾ। ਇਹ ਇੰਡੋਰ ਸਟੇਡੀਅਮ ਪਦਮ ਸ਼੍ਰੀ ਅਤੇ ਅਰਜਨਾ ਐਵਾਰਡ ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ ਅਤੇ ਕੌਮਾਂਤਰੀ ਕਬੱਡੀ ਕੋਚ ਗੁਰਮੇਲ ਸਿੰਘ ਦੀ ਯਾਦ ਵਿੱਚ ਬਣਾਇਆ ਜਾ ਰਿਹਾ ਹੈ। ਦਿੜ੍ਹਬਾ ਸ਼ਹੀਦ ਬਚਨ ਸਿੰਘ ਸਟੇਡੀਅਮ ਪਹਿਲਾਂ ਹੀ ਸਾਰੇ ਪੰਜਾਬ ਅੰਦਰ ਕਬੱਡੀ ਨੂੰ ਲੈ ਕੇ ਨਾਮਵਰ ਸਟੇਡੀਅਮ ਹੈ ਜਿਸ ਨੇ ਸੈਂਕੜੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਕਬੱਡੀ ਦੇ ਖਿਡਾਰੀ ਪੈਦਾ ਕੀਤੇ ਹਨ। ਇਸ ਸਟੇਡੀਅਮ ਦੇ ਬਣਨ ਨਾਲ ਹੋਰ ਵੀ ਕਈ ਖੇਡਾਂ ਦੇ ਖਿਡਾਰੀ ਪੈਦਾ ਹੋਣਗੇ। ਉਹਨਾਂ ਅੱਗੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਜਿੱਥੇ ਸ਼ਹਿਰਾਂ ਅੰਦਰ ਖੇਡ ਸਟੇਡੀਅਮ ਬਣਾ ਰਹੀ ਹੈ ਉਸ ਦੇ ਨਾਲ ਹੀ ਵੱਡੇ ਪਿੰਡਾਂ ਦੇ ਵਿੱਚ ਵੀ ਸਟੇਡੀਅਮ ਉਸਾਰੇ ਜਾ ਰਹੇ ਹਨ ਜਿਸ ਨਾਲ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹੇਗੀ ਅਤੇ ਖੇਡਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਕੇ ਕੌਮਾਂਤਰੀ ਪੱਧਰ ਤੇ ਦੇਸ਼ ਦਾ ਵੀ ਨਾਂ ਉੱਚਾ ਕਰਨਗੇ। ਇਸ ਮੌਕੇ ਡੀਐਸਪੀ ਦਿੜ੍ਹਬਾ ਡਾ. ਰੂਪਿੰਦਰ ਕੌਰ ਬਾਜਵਾ, ਕਬੱਡੀ ਕੋਚ ਸੁਖਪਾਲ ਸਿੰਘ ਪਾਲਾ, ਕਸ਼ਮੀਰ ਸਿੰਘ ਰੋੜੇਵਾਲ, ਐਮਸੀ ਰਾਜੇਸ਼ ਗੋਪ, ਐਮਸੀ ਸੁਨੀਲ ਕੁਮਾਰ, ਐਮਸੀ ਬਲਵਿੰਦਰ ਸਿੰਘ ਹਾਜ਼ਰ ਸਨ।