Patiala News : ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਸਹਿਪਾਠੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਰਹਿੰਦਾ ਸੀ ਪਰੇਸ਼ਾਨ
ਨਾਭਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਵਿੱਚ ਸਹਿਪਾਠੀ ਨਾਲ ਹੋਏ ਝਗੜੇ ਤੋਂ ਬਾਅਦ ਮਾਨਸਿਕ ਦਬਾਅ ਅਤੇ ਕਥਿਤ ਧਮਕੀਆਂ ਤੋਂ ਪਰੇਸ਼ਾਨ ਹੋ ਕੇ 18 ਸਾਲਾ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਰਹਿਮਾਨ ਖ਼ਾਨ ਨੇ ਸਪਰੇਅ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
Publish Date: Wed, 21 Jan 2026 07:09 PM (IST)
Updated Date: Wed, 21 Jan 2026 07:15 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਨਾਭਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਵਿੱਚ ਸਹਿਪਾਠੀ ਨਾਲ ਹੋਏ ਝਗੜੇ ਤੋਂ ਬਾਅਦ ਮਾਨਸਿਕ ਦਬਾਅ ਅਤੇ ਕਥਿਤ ਧਮਕੀਆਂ ਤੋਂ ਪਰੇਸ਼ਾਨ ਹੋ ਕੇ 18 ਸਾਲਾ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਰਹਿਮਾਨ ਖ਼ਾਨ ਨੇ ਸਪਰੇਅ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਹਿਮਾਨ ਖ਼ਾਨ ਪੁੱਤਰ ਮੁਹੰਮਦ ਹੁਸੈਨ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੇ ਸਹਿਪਾਠੀ ਅਤੇ ਹੋਰ ਲੋਕਾਂ 'ਤੇ ਲਗਾਤਾਰ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 15 ਜਨਵਰੀ ਨੂੰ ਰਹਿਮਾਨ ਸਕੂਲ ਗਿਆ ਸੀ, ਜਿੱਥੇ ਉਸ ਦਾ ਸਕੂਲ ਦੇ ਹੀ ਇੱਕ ਵਿਦਿਆਰਥੀ ਰਮਨਦੀਪ ਸਿੰਘ ਨਿਵਾਸੀ ਖੇੜੀ ਗੌਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਥਾਣਾ ਸਿਵਲ ਲਾਈਨ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਇੰਚਾਰਜ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।