ਬਾਜ਼ਾਰਾਂ ’ਚ ਵਿਕਦੀ ਚਾਈਨਾ ਡੋਰ ਤੇ ਲੱਗੇ ਪੂਰਨ ਪਾਬੰਦੀ : ਚੇਅਰਮੈਨ ਚੰਦੂਆ
ਬਜਾਰਾਂ ਵਿੱਚ ਵਿੱਕਦੀ ਚਾਈਨਾ ਡੋਰ ਤੇ ਲੱਗੇ ਪੂਰਨ ਪਾਬੰਦੀ: ਚੇਅਰਮੈਨ ਚੰਦੂਆ
Publish Date: Sun, 25 Jan 2026 05:44 PM (IST)
Updated Date: Sun, 25 Jan 2026 05:46 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਪੰਜਾਬ ਵਿਚ ਬੇਰੋਕ ਟੋਕ ਵਿਕ ਰਹੀ ਚਾਈਨਾ ਡੋਰ ਹੁਣ ਸਿੱਧੀ ਤਰ੍ਹਾਂ ਇਨਸਾਨਾਂ ਪਸ਼ੂਆਂ ਤੇ ਪੰਛੀਆਂ ਦੀ ਜਾਣ ਦੀ ਦੁਸ਼ਮਣ ਬਣ ਚੁੱਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰੀ ਪਾਬੰਦੀਆਂ ਦੇ ਬਾਵਜੂਦ ਸ਼ਹਿਰਾਂ ਅਤੇ ਪਿੰਡਾਂ ਵਿਚ ਇਹ ਮੌਤ ਦੀ ਡੋਰ ਖੁੱਲ੍ਹੇ ਆਮ ਵਿਕ ਰਹੀ ਹੈ। ਪਿਛਲੇ ਸਾਲਾਂ ਦੌਰਾਨ ਚਾਈਨਾ ਡੋਰ ਕਾਰਨ ਕਈ ਲੋਕਾਂ ਦੀਆਂ ਗਰਦਨਾਂ ਕੱਟਣ, ਮੋਟਰਸਾਈਕਲ ਸਵਾਰਾਂ ਦੇ ਗੰਭੀਰ ਜ਼ਖ਼ਮੀ ਹੋਣ ਤੇ ਬੇਜ਼ਬਾਨ ਪਸ਼ੂਆਂ ਤੇ ਪੰਛੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਬੀਤੇ ਦਿਨੀਂ ਸਮਰਾਲਾ ਨੇੜੇ ਸਕੂਲ ਤੋਂ ਪਰਤ ਰਹੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਇਸ ਖਤਰਨਾਕ ਡੋਰ ਦੀ ਲਿਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ। ਸ਼ਹਿਰਾਂ ਦੀਆਂ ਸੜਕਾਂ, ਖੇਤਾਂ ਵਿਚ ਬਿਜਲੀ ਦੀਆਂ ਤਾਰਾਂ ਤੇ ਲਟਕਦੀ ਇਹ ਡੋਰ ਲੰਘਦੇ ਇਨਸਾਨਾਂ ਲਈ ਮੌਤ ਦਾ ਫੰਦਾ ਬਣੀ ਹੋਈ ਹੈ। ਚੇਅਰਮੈਨ ਚੰਦੂਆ ਨੇ ਕਿਹਾ ਕਿ ਸਥਾਨਕ ਲੋਕਾਂ ਸਮਾਜ ਸੇਵੀਆ ਅਤੇ ਪਸ਼ੂ ਪ੍ਰੇਮੀਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਜੇਕਰ ਸਮੇਂ ਸਿਰ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੋਰ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਿਰਫ ਚਾਲਾਨ ਨਹੀ ਸਗੋਂ ਸਖਤ ਕਾਨੂੰਨੀ ਕਾਰਵਾਈ ਅਤੇ ਜੇਲ੍ਹ ਦੀ ਸਜ਼ਾ ਯਕੀਨੀ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਵਿਚ ਚਾਈਨਾ ਡੋਰ ਤੇ ਪੂਰਨ ਤੇ ਸਖਤ ਪਾਬੰਦੀ ਲਗਾਈ ਜਾਵੇ। ਸਪਲਾਇਰ ਅਤੇ ਥੋਕ ਵਿਕਰੇਤਾ ਦੀ ਪਛਾਣ ਕਰਕੇ ਕੇਸ ਦਰਜ ਕੀਤੇ ਜਾਣ ਸਕੂਲਾਂ ਅਤੇ ਪਿੰਡਾਂ ਨਸ਼ੇ ਵਿਰੋਧੀ ਮੁਹਿਮ ਵਾਂਗ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਚੰਦ ਪੈਸਿਆਂ ਲਈ ਆਪਣਾ ਜ਼ਮੀਨ ਨਾ ਵੇਚਣ ਕਿਉਂਕਿ ਉਹ ਖੁਦ ਵੀ ਕਿਸੇ ਸਮਾਜ ਦਾ ਹਿੱਸਾ ਅਤੇ ਚਾਈਨਾ ਡੋਰ ਉਹਨਾਂ ਦੇ ਲਈ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ।