ਕਾਸੋ ਆਪ੍ਰੇਸ਼ਨ ਦੌਰਾਨ ਮਾਚਿਸ ਦੀਆਂ ਡੱਬੀਆਂ ’ਚੋਂ ਮਿਲੇ ਕੈਪਸੂਲ
ਕਾਸੋ ਆਪਰੇਸ਼ਨ ਦੌਰਾਨ ਮਾਚਿਸ ਦੀਆਂ ਡੱਬੀਆਂ ਚੋਂ ਮਿਲੇ ਕੈਪਸੂਲ
Publish Date: Sat, 17 Jan 2026 06:46 PM (IST)
Updated Date: Sun, 18 Jan 2026 04:13 AM (IST)

ਮੁਹਿੰਮ ਦੌਰਾਨ 3 ਮਾਮਲੇ ਦਰਜ, 4 ਕਥਿਤ ਮੁਲਜ਼ਮ ਕਾਬੂ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪੁਲਿਸ ਨੇ ਜ਼ਿਲ੍ਹੇ ਵਿਚ “ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਤਹਿਤ ਸਥਾਨਕ ਬਨਾਸਰ ਬਾਗ਼ ਤੇ ਹੋਰ ਇਲਾਕਿਆਂ ਵਿਖੇ ਕਾਰਡਨ ਤੇ ਸਰਚ ਅਪ੍ਰੇਸ਼ਨ ਕੀਤਾ ਗਿਆ। ਇਸ ਮੁਹਿੰਮ ਦਾ ਮਕਸਦ ਸਮਾਜ ਵਿਰੋਧੀ ਤੱਤਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਲੜਾਈ ਨੂੰ ਤੇਜ਼ ਕਰਨਾ ਹੈ ਤੇ ਨੱਥ ਪਾਉਣਾ ਹੈ। ਇਹ ਆਪ੍ਰੇਸ਼ਨ ਪੁਲਿਸ ਕਪਤਾਨ (ਸਥਾਨਕ) ਰਾਜੇਸ਼ ਛਿੱਬਰ ਦੀ ਅਗਵਾਈ ਵਿਚ ਕੀਤਾ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਅਤੇ ਮਾਚਿਸ ਦੀਆਂ ਡੱਬੀਆਂ ਵਿੱਚੋਂ ਕੈਪਸੂਲ ਮਿਲੇ। ਪੁਲਿਸ ਨੇ ਤਿੰਨ ਮਾਮਲੇ ਦਰਜ ਕਰ ਕੇ ਚਾਰ ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤਾ। ਇਸ ਮੌਕੇ ਛਿੱਬਰ ਨੇ ਦੱਸਿਆ ਕਿ ਪੁਲਿਸ ਇਸ ਤਰ੍ਹਾਂ ਦੀਆਂ ਮੁਹਿੰਮਾਂ ਨੂੰ ਜਾਰੀ ਰੱਖੇਗੀ ਤਾਂ ਜੋ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ ਤੇ ਸਮਾਜ ਨੂੰ ਨਸ਼ਿਆਂ ਅਤੇ ਅਪਰਾਧ ਕਰਤਾਵਾਂ ਤੋਂ ਬਚਾਇਆ ਜਾ ਸਕੇ। ਇਸ ਮੁਹਿੰਮ ਦੌਰਾਨ 3 ਮੁਕੱਦਮੇ ਦਰਜ ਕਰ ਕੇ 4 ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪਾਬੰਦੀਸ਼ੁਦਾ ਸਮੱਗਰੀ ਤੇ ਨਕਦ ਡਰੱਗ ਮਨੀ ਬਰਾਮਦ ਕੀਤੇ ਗਏ ਹਨ। ਮੁਹਿੰਮ ਦੌਰਾਨ ਮਿਲੀਆਂ ਹੋਰ ਉਪਲਬਧੀਆਂ ਤਹਿਤ 15 ਵਿਅਕਤੀਆਂ ਨੂੰ ਰੋਕ ਕੇ ਜਾਂਚ ਕੀਤੀ ਗਈ। ਕਈ ਗੱਡੀਆਂ ਚੈੱਕ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਹਿਯੋਗ ਕਰਨ। ਸਹੀ ਸੂਚਨਾ ਪੁਲਿਸ ਨੂੰ ਦੇ ਕੇ ਉਹ ਆਪਣੇ ਪਰਿਵਾਰਾਂ ਨੂੰ ਬਚਾ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੀ ਜਵਾਨੀ ਨੂੰ ਖ਼ਰਾਬ ਨਾ ਕਰਨ। ਇਸ ਮੌਕੇ ਡੀਐੱਸਪੀ ਸੁਖਦੇਵ ਸਿੰਘ ਤੇ ਹੋਰ ਵੀ ਹਾਜ਼ਰ ਸਨ।