ਬੱਸ ਸਟੈਂਡ ’ਚ ਸਹੂਲਤਾਂ ਦੀ ਘਾਟ, ਲੋਕ ਹੁੰਦੇ ਪਰੇਸ਼ਾਨ
ਬੱਸ ਸਟੈਂਡ ਘਨੌਰ ’ਚ ਸਹੂਲਤਾਂ ਤੋਂ ਸੱਖਣਾ
Publish Date: Thu, 11 Dec 2025 05:04 PM (IST)
Updated Date: Thu, 11 Dec 2025 05:06 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਸੰਭੂ : ਘਨੌਰ ਬੱਸ ਸਟੈਂਡ ’ਚ ਬੁਨਿਆਦੀ ਸਹੂਲਤਾਂ ਦੀ ਕਮੀ ਨੇ ਸਥਾਨਕ ਲੋਕਾਂ ਅਤੇ ਯਾਤਰੀਆਂ ਵਿੱਚ ਭਾਰੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ। ਸਵੇਰੇ-ਸਵੇਰੇ ਬੱਸ ਫੜਨ ਆਉਣ ਵਾਲੇ ਸੈਂਕੜੇ ਯਾਤਰੀਆਂ ਨੂੰ ਬੈਠਣ ਲਈ ਕੁਰਸੀਆਂ ਤਕ ਉਪਲਬਧ ਨਹੀਂ, ਜਦਕਿ ਆਰਪੀਡਬਲਯੂਡੀ ਐਕਟ 2016 ਮੁਤਾਬਿਕ ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਲਾਜ਼ਮੀ ਰੈਂਪ ਵੀ ਹਾਲੇ ਤਕ ਤਿਆਰ ਨਹੀਂ ਕੀਤਾ ਗਿਆ। ਇਸ ਕਾਰਨ ਦਿਵਿਆਂਗ ਅਤੇ ਵਧੇਰੇ ਉਮਰ ਦੇ ਲੋਕਾਂ ਲਈ ਬੱਸ ਸਟੈਂਡ ਤਕ ਪਹੁੰਚ ਅਤੇ ਇੰਤਜ਼ਾਰ ਕਰਨਾ ਬਹੁਤ ਹੀ ਮੁਸ਼ਕਲ ਬਣਿਆ ਹੋਇਆ ਹੈ। ਕਾਮਰੇਡ ਧਰਮਪਾਲ ਸਿੰਘ ਸੀਲ, ਅਕਾਲੀ ਆਗੂ ਜਸਮੇਰ ਸਿੰਘ ਲਾਛੜੂ ਅਤੇ ਇਲਾਕੇ ਦੇ ਕਈ ਨਾਗਰਿਕਾਂ ਨੇ ਦੱਸਿਆ ਕਿ ਬੱਸ ਸਟੈਂਡ ਦੀ ਨੀਂਹ 24 ਅਕਤੂਬਰ 2016 ਨੂੰ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ਅਤੇ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਐੱਮਐੱਲਏ ਘਨੌਰ ਵਲੋਂ ਰੱਖੀ ਗਈ ਸੀ। ਇਸ ਤੋਂ ਬਾਅਦ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਇਸ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਸੀ।
ਸਥਾਨਕ ਲੋਕਾਂ ਨੇ ਕਿਹਾ ਕਿ ਨੀਂਹ ਪੱਥਰ ਤੋਂ ਲੈ ਕੇ ਉਦਘਾਟਨ ਤਕ ਕਈ ਵਾਰੀ ਤਸਵੀਰੀ ਕਾਰਜ ਹੋਏ ਪਰ ਅੱਜ ਤਕ ਯਾਤਰੀਆਂ ਲਈ ਬੈਠਕ, ਪਾਣੀ, ਛਾਂ, ਰੈਂਪ ਜਾਂ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਨਹੀਂ ਹੋਈਆਂ। ਇਲਾਕਾ ਵਾਸੀਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਵੱਲੋਂ ਸਹੂਲਤਾਂ ਦੇ ਨਾਅਰੇ ਲਗਾਏ ਜਾਂਦੇ ਹਨ, ਦੂਜੇ ਪਾਸੇ ਮੈਦਾਨੀ ਪੱਧਰ ’ਤੇ ਹਾਲਤ ਬੇਹੱਦ ਖ਼ਰਾਬ ਹੈ। ਔਰਤਾਂ, ਬੱਚਿਆਂ ਅਤੇ ਦਿਵਿਆਂਗ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਜਦੋਂ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਸ ਸਟੈਂਡ ਹਾਲੇ ਤਕ ਪੰਚਾਇਤੀ ਰਾਜ ਵਿਭਾਗ ਵੱਲੋਂ ਨਗਰ ਪੰਚਾਇਤ ਦੇ ਹਵਾਲੇ ਨਹੀਂ ਕੀਤਾ ਗਿਆ। ਜਦੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਇਹ ਹਵਾਲੇ ਹੋਵੇਗਾ, ਉਦੋਂ ਬੱਸ ਸਟੈਂਡ ਦੀਆਂ ਸਾਰੀਆਂ ਕਮੀਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਸਥਾਨਕ ਲੋਕਾਂ ਨੇ ਸਰਕਾਰ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ ਘਨੌਰ ਵਿੱਚ ਤੁਰੰਤ ਕੁਰਸੀਆਂ, ਰੈਂਪ, ਪਾਣੀ, ਸਾਫ਼-ਸਫ਼ਾਈ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਯਾਤਰੀਆਂ ਨੂੰ ਰੋਜ਼ਾਨਾ ਆ ਰਹੀ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।