ਪੰਜਾਬ ਪੁਲਿਸ ਦੇ ਸਾਬਕਾ IG ਨੂੰ ਲੱਗੀ ਗੋਲ਼ੀ, ਸਾਈਬਰ ਠੱਗਾਂ ਦੇ ਝਾਂਸੇ 'ਚ ਫਸੇ; 11 ਪੰਨਿਆਂ ਦਾ ਸੁਸਾਈਡ ਨੋਟ ਬਰਾਮਦ
Amar Singh Chahal ਨੂੰ ਗੋਲੀ ਲੱਗਣ ਤੋਂ ਤੁਰੰਤ ਬਾਅਦ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲ਼ੀ ਕਿਵੇਂ ਅਤੇ ਕਿਹੜੇ ਹਾਲਾਤ 'ਚ ਚਲਾਈ।
Publish Date: Mon, 22 Dec 2025 03:16 PM (IST)
Updated Date: Mon, 22 Dec 2025 04:57 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਫਰੀਦਕੋਟ ਗੋਲੀਕਾਂਡ (Faridkot Shooting Case) ਦੇ ਮੁਲਜ਼ਮ ਤੇ ਪੰਜਾਬ ਪੁਲਿਸ (Punjab Police) ਦੇ ਸਾਬਕਾ ਡੀਆਈਜੀ ਅਮਰ ਸਿੰਘ ਚਾਹਲ ਨੂੰ ਗੋਲ਼ੀ ਲੱਗੀ ਹੈ। ਪੁਲਿਸ ਮੁਤਾਬਕ ਮੌਕੇ ਤੋਂ 11 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਜਿਸ ਵਿਚ ਉਨ੍ਹਾਂ ਖ਼ੁਦਕੁਸ਼ੀ ਸਬੰਧੀ ਜਾਣਕਾਰੀ ਦਿੱਤੀ ਹੈ। ਦਰਅਸਲ ਉਹ ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਗਏ ਸਨ। ਸਾਬਕਾ ਆਈਜੀ (IG) ਨੇ ਸਾਫ਼ ਲਿਖਿਆ ਕਿ ਉਹ 'ਡੀਬੀਐਸ ਵੈਲਥ ਇਕੁਇਟੀ ਰਿਸਰਚ ਗਰੁੱਪ' (DBS Wealth Equity Research Group) ਦੇ ਚੱਕਰ 'ਚ ਫਸ ਗਏ ਸਨ। ਉਹ ਵ੍ਹਟਸਐਪ ਗਰੁੱਪ ਰਾਹੀਂ 'ਵੈਲਥ ਮੈਨੇਜਮੈਂਟ' ਸਿਖਾਉਣ ਦੇ ਬਹਾਨੇ ਫਸੇ। ਇਸ ਚੱਕਰ ਵਿਚ ਉਨ੍ਹਾਂ ਨੇ 8.10 ਕਰੋੜ ਰੁਪਏ ਫਸਾ ਲਏ। ਖ਼ੁਦਕੁਸ਼ੀ ਨੋਟ (Suicide Note) 'ਚ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ, ਚਾਹਲ ਨੂੰ ਗੋਲੀ ਲੱਗਣ ਤੋਂ ਤੁਰੰਤ ਬਾਅਦ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲ਼ੀ ਕਿਵੇਂ ਅਤੇ ਕਿਹੜੇ ਹਾਲਾਤ 'ਚ ਚਲਾਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
ਪਟਿਆਲਾ ਐਸਐਸਪੀ ਵਰੁਣ ਸ਼ਰਮਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ, "ਜਿਵੇਂ ਹੀ ਸਾਨੂੰ ਗੋਲ਼ੀ ਚੱਲਣ ਦੀ ਸੂਚਨਾ ਮਿਲੀ, ਸਾਡੀਆਂ ਟੀਮਾਂ ਤੁਰੰਤ ਉਨ੍ਹਾਂ ਦੇ ਘਰ ਪਹੁੰਚੀਆਂ। ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਹੈ।"
ਅਮਰ ਸਿੰਘ ਚਾਹਲ 2015 ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ 'ਚੋਂ ਇੱਕ ਹਨ। 24 ਫਰਵਰੀ 2023 ਨੂੰ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਫਰੀਦਕੋਟ ਦੀ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਚਾਰਜਸ਼ੀਟ ਵਿੱਚ ਅਮਰ ਸਿੰਘ ਚਾਹਲ ਤੋਂ ਇਲਾਵਾ ਕਈ ਵੱਡੇ ਨਾਮ ਸ਼ਾਮਲ ਹਨ।