ਸ਼ਹੀਦ ਸਰਾਭਾ ਦੀ ਕੁਰਾਬਨੀ ਨਾ ਭੁੱਲਣਯੋਗ : ਬਡੂੰਗਰ
ਗਦਰ ਲਹਿਰ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਰਹੀ ਨਿਰਣਾਇਕ ਭੂਮਿਕਾ : ਪ੍ਰੋ. ਬਡੂੰਗਰ
Publish Date: Sun, 16 Nov 2025 05:11 PM (IST)
Updated Date: Sun, 16 Nov 2025 05:14 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਗ਼ਦਰ ਲਹਿਰ ਦਾ ਮੁੱਢ ਬਣਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗਦਰ ਲਹਿਰ ਨੂੰ ਪ੍ਰਚੰਡ ਰੂਪ ’ਚ ਚਲਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਕਦੇ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ’ਚ ਗਦਰ ਲਹਿਰ ਦੌਰਾਨ ਸ਼ਹੀਦ ਕਰਤਾਰ ਸਿੰਘ ਸ਼ਰਾਭਾ ਦੀ ਨਿਰਣਾਇਕ ਭੂਮਿਕਾ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਇਕ ਆਜ਼ਾਦੀ ਘੁਲਾਟੀਆ ਅਤੇ ਇਨਕਲਾਬੀ ਦੇਸ਼ ਭਗਤ ਸੀ, ਜਿਸ ਦੀ ਸ਼ਹੀਦੀ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਦੀ ਹੈ ਕਿ ਆਪਣੇ ਦੇਸ਼ ਤੇ ਧਰਮ ਲਈ ਕਿਸ ਤਰ੍ਹਾਂ ਦੀ ਪਹਿਰੇਦਾਰੀ ਕਰਨੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ 15 ਸਾਲ ਦੇ ਉਮਰ ਵਿਚ ਗਦਰ ਪਾਰਟੀ ਦਾ ਸਰਗਰਮ ਕਾਰਕੁੰਨ ਬਣਿਆ ਅਤੇ ਆਜ਼ਾਦੀ ਅੰਦੋਲਨ ਲਈ ਲੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਨੌਜਵਾਨ ਪੀੜ੍ਹੀ ਨੂੰ ਸਵੈ-ਸਨਮਾਨ, ਸਵੈ ਰੱਖਿਆ ਅਤੇ ਅਜ਼ਾਦੀ ਨਾਲ ਜਿਉਣ ਦੀ ਜੀਵਨ ਜਾਂਚ ਪ੍ਰਦਾਨ ਕਰਦਾ।