ਸੂਬੇ ਭਰ ’ਚ ਹੁਣ ਤੱਕ ਨਾੜ ਫੂਕਣ ਦੇ ਕੁੱਲ 9452 ਮਾਮਲੇ ਹੋਏ ਰਿਪੋਰਟ, ਇਕ ਕਰੋੜ ਤੋਂ ਵੱਧ ਜੁਰਮਾਨਾ, ਵਸੂਲੀ ਸਿਰਫ਼ 7 ਫ਼ੀਸਦੀ
ਦੂਜੇ ਪਾਸੇ ਨਾੜ ਫੂਕਣ ਦੇ ਇਨ੍ਹਾਂ ਮਾਮਲਿਆਂ ਵਿੱਚ ਕੁੱਲ ਇੱਕ ਕਰੋੜ 19 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਸਿਰਫ਼ 7 ਲੱਖ 15 ਹਜ਼ਾਰ ਰੁਪਏ ਦੀ ਹੀ ਵਸੂਲੀ ਹੋ ਸਕੀ ਹੈ, ਜੋ ਕਿ ਕੁੱਲ ਜੁਰਮਾਨਾ ਰਾਸ਼ੀ ਦਾ ਮਹਿਜ਼ 7 ਫ਼ੀਸਦੀ ਹੈ।
Publish Date: Tue, 19 May 2026 09:57 PM (IST)
Updated Date: Tue, 19 May 2026 09:58 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਸੂਬੇ ਭਰ ਵਿੱਚ ਹੁਣ ਤੱਕ ਨਾੜ ਫੂਕਣ ਦੇ ਕੁੱਲ 9452 ਮਾਮਲੇ ਰਿਪੋਰਟ ਹੋਏ ਹਨ। ਅੰਕੜਿਆਂ ਅਨੁਸਾਰ, ਸੂਬੇ ਵਿੱਚ ਨਾੜ ਫੂਕਣ ਦੇ ਸਭ ਤੋਂ ਵੱਧ 903 ਮਾਮਲੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ। ਇਸ ਤੋਂ ਬਾਅਦ ਬਠਿੰਡਾ ਵਿੱਚ 740 ਅਤੇ ਮੋਗਾ ਵਿੱਚ 736 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ ਸਭ ਤੋਂ ਘੱਟ 21 ਮਾਮਲੇ ਰੋਪੜ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ। ਦੂਜੇ ਪਾਸੇ ਨਾੜ ਫੂਕਣ ਦੇ ਇਨ੍ਹਾਂ ਮਾਮਲਿਆਂ ਵਿੱਚ ਕੁੱਲ ਇੱਕ ਕਰੋੜ 19 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਸਿਰਫ਼ 7 ਲੱਖ 15 ਹਜ਼ਾਰ ਰੁਪਏ ਦੀ ਹੀ ਵਸੂਲੀ ਹੋ ਸਕੀ ਹੈ, ਜੋ ਕਿ ਕੁੱਲ ਜੁਰਮਾਨਾ ਰਾਸ਼ੀ ਦਾ ਮਹਿਜ਼ 7 ਫ਼ੀਸਦੀ ਹੈ। ਇਸ ਤੋਂ ਇਲਾਵਾ 738 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ 846 ਕਿਸਾਨਾਂ ਖ਼ਿਲਾਫ਼ ਰੈੱਡ ਐਂਟਰੀ ਦੀ ਕਾਰਵਾਈ ਵੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਸਾਲ ਪੰਜਾਬ ਵਿੱਚ ਕਣਕ ਦੀ ਖੇਤੀ ਲਗਭਗ 33.07 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਸੀ। ਅਨੁਮਾਨ ਹੈ ਕਿ ਇਸ ਨਾਲ ਲਗਭਗ 20 ਮਿਲੀਅਨ ਟਨ ਨਾੜ ਪੈਦਾ ਹੋਈ ਹੈ। ਮੌਜੂਦਾ ਸਮੇਂ ਵਿੱਚ ਕਣਕ ਦੀ ਵਾਢੀ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ, ਜਿਸ ਤੋਂ ਬਾਅਦ ਖੇਤਾਂ ਵਿੱਚ ਨਾੜ ਫੂਕਣ ਦੀਆਂ ਘਟਨਾਵਾਂ ਇੱਕਦਮ ਵਧੀਆਂ ਹਨ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਚੇਅਰਪਰਸਨ ਰੀਨਾ ਗੁਪਤਾ ਦਾ ਕਹਿਣਾ ਹੈ ‘ਅਸੀਂ ਵੱਡੇ ਪੱਧਰ ’ਤੇ ਸੁਧਾਰ ਕੀਤੇ ਹਨ, ਅੰਕੜਿਆਂ ਵਿਚ ਪਿਛਲੇ ਸਾਲ ਨਾਲੋਂ ਕਮੀ ਹੈ। ਛੋਟੇ ਕਿਸਾਨਾਂ ਨੂੰ ਲੋੜੀਂਦੀ ਮਸ਼ਨਿਰੀ ਮੁਹੱਈਆ ਕਰਵਾਉਣ ਲਈ ਯੌਜਨਾ ਬਣਾਈ ਜਾ ਰਹੀ ਹੈ। ਅਗਲੇ ਸਾਲ ਨਾੜ ਸੜਣ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੇ ਹਾਂ।’
ਜ਼ਿਲ੍ਹਾ : ਅੰਕੜੇ
ਅੰਮ੍ਰਿਤਸਰ: 696
ਬਰਨਾਲਾ:343
ਬਠਿੰਡਾ:740
ਫ਼ਤਹਿਗੜ੍ਹ ਸਾਹਿਬ:114
ਫ਼ਰੀਦਕੋਟ:367
ਫ਼ਾਜ਼ਿਲਕਾ:407
ਫ਼ਿਰੋਜ਼ਪੁਰ:903
ਗੁਰਦਾਸਪੁਰ:623
ਹੁਸ਼ਿਆਰਪੁਰ:229
ਜਲੰਧਰ:352
ਕਪੂਰਥਲਾ:306
ਲੁਧਿਆਣਾ: 610
ਮਾਨਸਾ: 341
ਮੋਗਾ: 736
ਮੁਕਤਸਰ:531
ਨਵਾਂਸ਼ਹਿਰ:118
ਪਠਾਨਕੋਟ:36
ਪਟਿਆਲਾ:396
ਰੋਪੜ:21
ਮੋਹਾਲੀ:26
ਸੰਗਰੂਰ:678
ਤਰਨਤਾਰਨ:712
ਮਾਲੇਰਕੋਟਲਾ: 167
ਕੁੱਲ 9452