ਸਾਬਕਾ ਆਈਜੀ ਨਾਲ ਠੱਗੀ ਮਾਮਲੇ ’ਚ ਗ੍ਰਿਫ਼ਤਾਰ ਇਕ ਮੁਲਜ਼ਮ ਦੀ ਮੌਤ
ਹਸਪਤਾਲ ਚ ਸੀ ਇਲਾਜ
Publish Date: Fri, 09 Jan 2026 08:29 PM (IST)
Updated Date: Sat, 10 Jan 2026 04:09 AM (IST)

* ਹਸਪਤਾਲ ’ਚ ਸੀ ਇਲਾਜ ਅਧੀਨ ਮੁਲਜ਼ਮ ਚੰਦਰਕਾਂਤ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ ਸਾਈਬਰ ਠੱਗੀ ਮਾਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਇਕ ਮੁਲਜ਼ਮ ਦੀ ਮੌਤ ਹੋ ਗਈ ਹੈ। ਮੁਲਜ਼ਮ ਚੰਦਰ ਕਾਂਤ (46) ਬਿਮਾਰ ਹੋਣ ਕਰ ਕੇ ਹਸਪਤਾਲ ’ਚ ਜ਼ੇਰੇ ਇਲਾਜ ਸੀ। ਸਾਈਬਰ ਥਾਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਛੇ ਮੁਲਜ਼ਮਾਂ ਨੂੰ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਚਾਰ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ, ਜਦਕਿ ਦੋ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਵੀਰਵਾਰ ਨੂੰ ਲਖਨ ਸ੍ਰੀ ਚੰਦ, ਸੋਮਨਾਥ, ਰਣਜੀਤ ਨੰਬਰਦਾਰ, ਪ੍ਰਤੀਕ ਉੱਤਮ, ਆਸ਼ੀਸ਼ ਕੁਮਾਰ ਤੇ ਮੁਹੰਮਦ ਸ਼ਰੀਫ਼ ਨੂੰ ਅਦਾਲਤ ’ਚ ਪੇਸ਼ ਕੀਤਾ ਸੀ। ਇਨ੍ਹਾਂ ਵਿਚੋਂ ਸੋਮਨਾਥ ਤੇ ਮੁਹੰਮਦ ਸ਼ਰੀਫ਼ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜਿਆ ਗਿਆ, ਜਦਕਿ ਲਖਨ ਸ੍ਰੀ ਚੰਦ, ਰਣਜੀਤ ਨੰਬਰਦਾਰ, ਪ੍ਰਤੀਕ ਉੱਤਮ ਤੇ ਆਸ਼ੀਸ਼ ਕੁਮਾਰ ਪਾਂਡੇ ਤਿੰਨ ਦਿਨ ਦੇ ਰਿਮਾਂਡ ਤੇ ਹਨ। ਸੱਤਵਾਂ ਮੁਲਜ਼ਮ ਚੰਦਰਕਾਂਤ ਬੀਪੀ ਤੇ ਸ਼ੂਗਰ ਦੀ ਬਿਮਾਰੀ ਕਾਰਨ ਆਈਸੀਯੂ ’ਚ ਦਾਖ਼ਲ ਸੀ। ਬਿਮਾਰ ਹੋਣ ਕਾਰਨ ਉਸ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜਿਆ ਗਿਆ ਸੀ ਅਤੇ ਹਸਪਤਾਲ ’ਚ ਇਲਾਜ ਅਧੀਨ ਰੱਖਿਆ ਗਿਆ ਸੀ। ਇਹ ਮੁਲਜ਼ਮ ਸਿਮ ਕਾਰਡ ਦੁਬਈ ਭੇਜਦਾ ਸੀ। ਰਿਟਾਇਰਡ ਆਈਜੀ ਦੇ ਪੈਸੇ ਵਾਪਸ ਕਰਵਾਉਣ ਲਈ ਬੈਂਕ ਨਾਲ ਤਾਲਮੇਲ ਸ਼ੁਰੂ ਰਿਟਾਇਰਡ ਆਈਜੀ ਚਾਹਲ ਨਾਲ ਕਰੀਬ ਦੋ ਹਫ਼ਤੇ ਪਹਿਲਾਂ 8 ਕਰੋੜ 10 ਲੱਖ ਰੁਪਏ ਦੀ ਧੋਖਾਧੜੀ ਹੋਈ ਸੀ। ਇਸ ਤੋਂ ਪਰੇਸ਼ਾਨ ਹੋ ਕੇ ਚਾਹਲ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਮੇਂ ਸਿਰ ਇਲਾਜ ਮਿਲਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਪਟਿਆਲਾ ਸਾਈਬਰ ਪੁਲਿਸ ਨੇ ਠੱਗੇ ਗਏ 8 ਕਰੋੜ ਰੁਪਏ ਵਿਚੋਂ ਕਰੀਬ ਸਵਾ ਤਿੰਨ ਕਰੋੜ ਰੁਪਏ ਵੱਖ-ਵੱਖ ਖਾਤਿਆਂ ’ਚ ਫ੍ਰੀਜ਼ ਕਰਵਾ ਦਿੱਤੇ ਸਨ, ਜਿਨ੍ਹਾਂ ਨੂੰ ਰਿਟਾਇਰਡ ਆਈਜੀ ਚਾਹਲ ਨੇ ਵਾਪਸ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਸਾਈਬਰ ਕ੍ਰਾਈਮ ਥਾਣੇ ਨੇ ਪੈਸੇ ਵਾਪਸ ਕਰਵਾਉਣ ਲਈ ਬੈਂਕ ਨਾਲ ਤਾਲਮੇਲ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਰਿਮਾਂਡ ਤੇ ਚੱਲ ਰਹੇ ਚਾਰ ਮੁਲਜ਼ਮਾਂ ਕੋਲੋਂ ਪੈਸਿਆਂ ਦੇ ਤਬਾਦਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾਏ ਗਏ ਹਨ।