ਮੁਲਜ਼ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਇਕ ਪੈਟਰੋਲ ਪੰਪ ਨੇੜੇ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦਾ ਪਛਾਣ ਪੱਤਰ ਮਿਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਯੋਜਨਾ ਬਣਾਈ ਕਿ ਇਸ ਆਈਡੀ ਕਾਰਡ ਦੀ ਵਰਤੋਂ ਕਰਕੇ ਟੋਲ ਪਲਾਜ਼ਿਆਂ ਦੀ ਫੀਸ ਤੋਂ ਬਚਿਆ ਜਾ ਸਕੇ ਤੇ ਪੁਲਿਸ ਨਾਕਿਆਂ ਤੋਂ ਵੀ ਆਸਾਨੀ ਨਾਲ ਲੰਘਿਆ ਜਾ ਸਕੇ।

ਆਰ ਸਿੰਘ/ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ/ਭੋਆ : ਪਠਾਨਕੋਟ ’ਚ ਸੁਰੱਖਿਆ ਪ੍ਰਬੰਧਾਂ ਦਰਮਿਆਨ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਵਾਈ ਸੈਨਾ ਸਟੇਸ਼ਨ ਨੌਸ਼ਹਿਰਾ ਨਲਬੰਦਾ ਦੇ ਪਿੱਛੇ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਪੁਲਿਸ ਨੇ ਇਕ ਸ਼ੱਕੀ ਕਾਰ ਨੂੰ ਰੋਕ ਕੇ ਉਸ ’ਚ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ, ਜੋ ਆਪਣੇ ਆਪ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਦੱਸ ਕੇ ਪੁਲਿਸ ਤੇ ਟੋਲ ਪਲਾਜ਼ਿਆਂ ਨੂੰ ਚਕਮਾ ਦੇ ਰਹੇ ਸਨ।
ਡੀਐੱਸਪੀ (ਡੀ) ਵਿਪਿਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐੱਸਆਈ ਸਰਤਾਜ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਨੌਸ਼ਹਿਰਾ ਨਲਬੰਦਾ ਨੇੜੇ ਵਿਸ਼ੇਸ਼ ਨਾਕੇ ’ਤੇ ਤਾਇਨਾਤ ਸਨ। ਦੇਰ ਰਾਤ ਕਰੀਬ 11 ਵਜੇ ਪਿੰਡ ਪੰਜੂਪੁਰ ਵੱਲੋਂ ਆ ਰਹੀ ਆਈ-20 ਕਾਰ ਨੰਬਰ ਪੀਬੀ 07 ਬੀਡੀ 5949 ਨੂੰ ਰੋਕਿਆ ਗਿਆ। ਕਾਰ ’ਚ ਤਿੰਨ ਨੌਜਵਾਨ ਸਵਾਰ ਸਨ। ਪੁੱਛਗਿੱਛ ਦੌਰਾਨ ਕਾਰ ਚਲਾ ਰਹੇ ਨੌਜਵਾਨ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਕਾਂਸਟੇਬਲ ਸੁਨੀਲ ਸ਼ਰਮਾ ਦੱਸਦਿਆਂ ਇਕ ਪੁਲਿਸ ਪਛਾਣ ਪੱਤਰ ਵੀ ਦਿਖਾਇਆ ਤੇ ਕਿਹਾ ਕਿ ਉਹ ਖ਼ੁਫ਼ੀਆ ਡਿਊਟੀ ’ਤੇ ਤਾਇਨਾਤ ਹਨ। ਸ਼ੱਕ ਹੋਣ ’ਤੇ ਏਐੱਸਆਈ ਸਰਤਾਜ ਸਿੰਘ ਨੇ ਆਈਡੀ ਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਦੌਰਾਨ ਉਹ ਫਰਜ਼ੀ ਨਿਕਲਿਆ। ਇਸ ਤੋਂ ਬਾਅਦ ਸਖ਼ਤੀ ਨਾਲ ਕੀਤੀ ਪੁੱਛਗਿੱਛ ’ਚ ਤਿੰਨਾਂ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ’ਚੋਂ ਕੋਈ ਵੀ ਪੁਲਿਸ ਵਿਭਾਗ ’ਚ ਨੌਕਰੀ ਨਹੀਂ ਕਰਦਾ।
ਮੁਲਜ਼ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਇਕ ਪੈਟਰੋਲ ਪੰਪ ਨੇੜੇ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦਾ ਪਛਾਣ ਪੱਤਰ ਮਿਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਯੋਜਨਾ ਬਣਾਈ ਕਿ ਇਸ ਆਈਡੀ ਕਾਰਡ ਦੀ ਵਰਤੋਂ ਕਰਕੇ ਟੋਲ ਪਲਾਜ਼ਿਆਂ ਦੀ ਫੀਸ ਤੋਂ ਬਚਿਆ ਜਾ ਸਕੇ ਤੇ ਪੁਲਿਸ ਨਾਕਿਆਂ ਤੋਂ ਵੀ ਆਸਾਨੀ ਨਾਲ ਲੰਘਿਆ ਜਾ ਸਕੇ।
ਡੀਐੱਸਪੀ (ਡੀ) ਵਿਪਿਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਟੋਲ ਪਲਾਜ਼ਿਆਂ ’ਤੇ ਇਹੀ ਕਾਰਡ ਦਿਖਾ ਕੇ ਬਿਨਾਂ ਪਰਚੀ ਕਟਵਾਏ ਲੰਘ ਰਹੇ ਸਨ। ਕਾਰਡ ’ਤੇ ਕਾਂਸਟੇਬਲ ਸੁਨੀਲ ਸ਼ਰਮਾ ਦਾ ਨਾਮ ਦਰਜ ਸੀ। ਇਸ ਸਬੰਧੀ ਅੰਮ੍ਰਿਤਸਰ ਪੁਲਿਸ ਲਾਈਨ ’ਚ ਤਾਇਨਾਤ ਅਸਲ ਕਾਂਸਟੇਬਲ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਕੋਲੋਂ ਫਰਜ਼ੀ ਆਈਡੀ ਕਾਰਡ ਅਤੇ ਕਾਰ ਜ਼ਬਤ ਕਰ ਲਈ ਹੈ। ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਅਤੇ ਸਰਕਾਰੀ ਮੁਲਾਜ਼ਮ ਦਾ ਝੂਠਾ ਰੂਪ ਧਾਰਣ ਕਰਨ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।