ਵੇਰਕਾ ਮਿਲਕ ਪਲਾਂਟ ਅੱਗੇ ਤਿੰਨ ਨੌਜਵਾਨ ਹਵਾਈ ਫਾਇਰਿੰਗ ਕਰਕੇ ਕਾਰ ਲੁੱਟ ਕੇ ਹੋਏ ਫਰਾਰ
ਵੇਰਕਾ ਮਿਲਕ ਪਲਾਂਟ ਅੱਗੇ ਤਿੰਨ ਨੌਜਵਾਨ ਹਵਾਈ ਫਾਇਰਿੰਗ ਕਰਕੇ ਕਾਰ ਲੁੱਟ ਕੇ ਹੋਏ ਫਰਾਰ
Publish Date: Wed, 03 Dec 2025 09:55 PM (IST)
Updated Date: Wed, 03 Dec 2025 09:56 PM (IST)
ਗੁਰਦਾਸਪੁਰ: ਗੁਰਦਾਸਪੁਰ ਸ਼ਹਿਰ ਵਿੱਚ ਦੇਰ ਸ਼ਾਮ ਵਾਪਰੀ ਇੱਕ ਸਨਸਨੀਖੇਜ਼ ਵਾਰਦਾਤ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪਠਾਨਕੋਟ ਰੋਡ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਮੁੱਖ ਗੇਟ ਅੱਗੇ ਤਿੰਨ ਨੌਜਵਾਨਾਂ ਨੇ ਹਵਾਈ ਫਾਇਰਿੰਗ ਕਰਕੇ ਇੱਕ ਕਾਰ ਖੋਹ ਲਈ ਅਤੇ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ।
ਕਾਰ ਮਾਲਕ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਦੇ ਸੈਂਪਲ ਲੈਣ ਆਇਆ ਸੀ। ਜਦੋਂ ਉਹ ਬਾਹਰ ਆਇਆ ਅਤੇ ਆਪਣੀ ਜੈਨ ਕਾਰ ਸਟਾਰਟ ਕਰਨ ਲੱਗਾ ਤਾਂ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ। ਮੋਟਰਸਾਈਕਲ ਤੋਂ ਉਤਰਦਿਆਂ ਹੀ ਪਿਸਤੌਲ ਨਾਲ ਦੋ ਹਵਾਈ ਫਾਇਰ ਕੀਤੇ ਅਤੇ ਉਸਦੀ ਕਾਰ ਖੋ ਕੇ ਫਰਾਰ ਹੋ ਗਏ। ਉਨ੍ਹਾਂ ਨੇ ਆਪਣਾ ਮੋਟਰਸਾਈਕਲ ਵੇਰਕਾ ਪਲਾਂਟ ਦੇ ਮੁੱਖ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਛੱਡ ਦਿੱਤਾ।
ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐੱਸਐੱਚਓ ਦਵਿੰਦਰ ਪ੍ਰਕਾਸ਼ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਰਾਹੀਂ ਮਿਲੀ ਸੀ। ਪੁਲਿਸ ਨੇ ਮੌਕੇ ਤੋਂ ਦੋ ਖਾਲੀ ਖੋਲ (ਕਾਰਤੂਸ) ਬਰਾਮਦ ਕੀਤੇ ਹਨ। ਲੁਟੇਰਿਆਂ ਵੱਲੋਂ ਛੱਡਿਆ ਗਿਆ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ। ਤੁਰੰਤ ਸਾਰੇ ਨਾਕੇ ਸੀਲ ਕਰ ਦਿੱਤੇ ਗਏ ਹਨ ਅਤੇ ਖੋਹੀ ਗਈ ਕਾਰ ਦੀ ਭਾਲ ਕੀਤੀ ਜਾ ਰਹੀ ਹੈ।