ਬਾਬਾ ਨਾਨਕ ਜੀ ਦੇ ਵਿਆਹ ਪੁਰਬ ਮੌਕੇ ਹਰ ਸਾਲ ਜੋੜੇ ਮੇਲੇ ਤੇ ਦੋ ਲੱਖ ਤੋਂ ਵਧੇਰੇ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ । ਵਿਆਹ ਪੁਰਬ ਨੂੰ ਲੈ ਕੇ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਵੱਖ ਵਖ ਪ੍ਰਕਾਰ ਦੇ ਪ੍ਰਬੰਧਾਂ ਚ ਜੁੱਟੀਆਂ ਹੋਈਆਂ ਹਨ।

ਸੁਖਦੇਵ ਸਿੰਘ,ਪੰਜਾਬੀ ਜਾਗਰਣ, ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ 8 ਤੋਂ 10 ਸਤੰਬਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੇ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਾਬੇ ਦੇ ਵਿਆਹ ਪੁਰਬ ਨੂੰ ਲੈ ਕੇ ਸੰਗਤਾਂ ਦੀ ਆਮਦ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਪਰ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਬੰਦ ਪਈਆਂ ਸਟਰੀਟ ਲਾਈਟਾਂ ਅਤੇ ਸਾਫ ਸਫਾਈ ਨੂੰ ਲੈ ਕੇ ਪ੍ਰਸ਼ਾਸਨ ਦੀ ਸਥਿਤੀ 'ਬੂਹੇ ਆਈ ਜੰਝ, ਵਿੰਨੋ ਕੁੜੀ ਦੇ ਕੰਨ" ਵਾਲੀ ਬਣੀ ਹੋਈ ਹੈ।
ਹਾਲਾਂਕਿ ਬੀਤੇ ਦਿਨ ਨਗਰ ਨਿਗਮ ਬਟਾਲਾ ਦੀ ਹਾਊਸ ਦੀ ਹੋਈ ਮੀਟਿੰਗ 'ਚ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਸੜਕਾਂ ਦੇ ਪੈਚ ਵਰਕ, ਬੰਦ ਪਈਆਂ ਲਾਈਟਾਂ ਅਤੇ ਹੋਰ ਕਾਰਜਾਂ ਦੇ ਸਬੰਧ 'ਚ ਮਤਾ ਪਾਸ ਕੀਤਾ ਗਿਆ ਹੈ। ਪਰ ਚਾਰ ਦਿਨ ਮਤਾ ਪਾਸ ਕੀਤੇ ਨੂੰ ਹੋ ਗਏ ਹਨ ਅਤੇ ਨਗਰ ਨਿਗਮ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਧੀਮੀ ਗਤੀ 'ਚ ਚਲਦਿਆਂ ਟੁੱਟੀਆਂ ਸੜਕਾਂ ਤੇ ਕੰਕਰੀਟ ਦਾ ਪੈਚ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਬਟਾਲਾ ਸ਼ਹਿਰ ਅਤੇ ਆਸ ਪਾਸ ਦੀਆਂ ਸੰਗਤਾਂ ਪ੍ਰਸ਼ਾਸਨ ਦੀ ਬੇਰੁਖੀ ਨੂੰ ਲੈ ਕੇ ਅੰਦਰੋਂ ਅੰਦਰ ਪਰੇਸ਼ਾਨ ਹਨ, ਉਧਰ ਕੁਝ ਸਮਾਜ ਅਤੇ ਧਾਰਮਿਕ ਸੰਸਥਾਵਾਂ ਨੇ ਬਾਬਾ ਜੀ ਦੇ ਵਿਆਹ ਪੁਰਬ ਦੇ ਸਬੰਧ 'ਚ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਦੇ ਰੂਟ ਦੀ ਸਾਫ ਸਫਾਈ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
2 ਲੱਖ ਤੋਂ ਵਧੇਰੇ ਸੰਗਤ ਹੁੰਦੀ ਹੈ ਨਤਮਸਤਕ
ਬਾਬਾ ਨਾਨਕ ਜੀ ਦੇ ਵਿਆਹ ਪੁਰਬ ਮੌਕੇ ਹਰ ਸਾਲ ਜੋੜੇ ਮੇਲੇ ਤੇ ਦੋ ਲੱਖ ਤੋਂ ਵਧੇਰੇ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ । ਵਿਆਹ ਪੁਰਬ ਨੂੰ ਲੈ ਕੇ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਵੱਖ ਵਖ ਪ੍ਰਕਾਰ ਦੇ ਪ੍ਰਬੰਧਾਂ ਚ ਜੁੱਟੀਆਂ ਹੋਈਆਂ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ 9 ਸਤੰਬਰ ਨੂੰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਬਟਾਲਾ ਪਹੁੰਚੇਗਾ ਅਤੇ ਵਿਆਹ ਪੁਰਬ ਮੌਕੇ 10 ਸਤੰਬਰ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਬਟਾਲਾ 'ਚ ਸਜਾਇਆ ਜਾਵੇਗਾ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਸ਼ਾਮਿਲ ਹੁੰਦੀਆਂ ਹਨ।
ਸ਼ਹਿਰ ਦੀਆਂ ਵੱਖ-ਵੱਖ ਮਹੱਲਿਆਂ ਅਤੇ ਬਾਜ਼ਾਰਾਂ ਦੀਆਂ 150 ਤੋਂ ਵੱਧ ਲਾਈਟਾਂ ਬੰਦ ਪਈਆਂ
ਬਟਾਲਾ ਦੇ ਮੁੱਖ ਮਾਰਗ ਬਟਾਲਾ - ਅੰਮ੍ਰਿਤਸਰ ਰੋਡ, ਬਟਾਲਾ - ਜਲੰਧਰ ਰੋਡ ,ਬਟਾਲਾ - ਗੁਰਦਾਸਪੁਰ ਰੋਡ ਅਤੇ ਡੇਰਾ ਬਾਬਾ ਨਾਨਕ ਰੋਡ ਫਲਾਈ ਓਵਰ 'ਤੇ ਲੱਗੀਆਂ ਹੋਈਆਂ ਲਾਈਟਾਂ ਪਿਛਲੇ ਦੋ ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਬੰਦ ਪਈਆਂ ਹਨ। ਕਰੀਬ 150 ਤੋਂ ਵਧੇਰੇ ਲਾਈਟਾਂ ਬੰਦ ਪਈਆਂ ਹਨ ਜਿਸ ਨਾਲ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਘੁਪ ਹਨੇਰੇ ਚ ਡੁੱਬਾ ਰਹਿੰਦਾ ਹੈ।
ਸੰਗਤਾਂ ਦੀ ਮੰਗ
ਬਟਾਲਾ ਦੀਆਂ ਧਾਰਮਿਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਬਰਾਤ ਰੂਪੀ ਨਗਰ ਕੀਰਤਨ ਅਤੇ ਵਿਆਹ ਪੁਰਬ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਰੂਟ ਦੀਆਂ ਸੜਕਾਂ ਦੀ ਤੁਰੰਤ ਸਹੀ ਤਰੀਕੇ ਨਾਲ ਮੁਰੰਮਤ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਬਟਾਲਾ ਦੀਆਂ ਬੰਦ ਪਈਆਂ ਲਾਈਟਾਂ ਚਾਲੂ ਹੋਣੀਆਂ ਚਾਹੀਦੀਆਂ ਹਨ।
ਸੜਕਾਂ ਤੇ ਪੈਚ ਵਰਕ ਸ਼ੁਰੂ ਕਰ ਦਿੱਤਾ ਗਿਆ ਹੈ : ਸੁਪਰਡੈਂਟ
ਨਗਰ ਨਿਗਮ ਬਟਾਲਾ ਦੇ ਸੁਪਰਡੈਂਟ ਸ਼ਿਵ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਬਟਾਲਾ ਦੇ ਹਾਊਸ ਦੀ ਮੀਟਿੰਗ ਲੇਟ ਹੋਣ ਕਾਰਨ ਵਿਆਹ ਪੁਰਬ ਦੇ ਸਬੰਧ 'ਚ ਕੀਤੇ ਜਾਣ ਵਾਲੇ ਕਾਰਜ ਲੇਟ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹਾਊਸ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਬਟਾਲਾ ਦੇ ਨਗਰ ਕੀਰਤਨ ਰੂਟ ਦੀਆਂ ਸੜਕਾਂ ਤੇ ਪੈਚ ਵਰਕ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਸਫਾਈ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਅਤੇ ਇਸ ਕੰਮ ਦੀ ਨਿਗਰਾਨੀ ਐਸਡੀਓ ਨਗਰ ਨਿਗਮ ਕਰ ਰਹੇ ਹਨ।