ਬਿਨਾਂ ਨੰਬਰ ਪਲੇਟ ਤੇ ਬਿਨਾਂ ਰਿਫਲੈਕਟਰਾਂ ਦੇ ਜੁਗਾੜੂ ਰੇਹੜੇ ਬਣਦੇ ਹਾਦਸਿਆਂ ਦਾ ਕਾਰਨ
ਬਿਨਾਂ ਨੰਬਰ ਪਲੇਟ ਤੇ ਬਿਨਾਂ ਰਿਫਲੈਕਟਰਾਂ ਦੇ ਜੁਗਾੜੂ ਰੇਹੜੇ ਬਣਦੇ ਹਾਦਸਿਆਂ ਦਾ ਕਾਰਨ
Publish Date: Sun, 08 Feb 2026 05:12 PM (IST)
Updated Date: Sun, 08 Feb 2026 05:14 PM (IST)

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਗੁਰਦਾਸਪੁਰ ਦੇ ਕਾਦੀਆਂ, ਸ੍ਰੀ ਹਰਗੋਬਿੰਦਪੁਰ ਸਾਹਿਬ, ਹਰਚੋਵਾਲ, ਕਾਹਨੂੰਵਾਨ, ਘੁਮਾਣ ਆਦਿ ਸ਼ਹਿਰਾਂ ਦੀਆਂ ਸੜਕਾਂ ’ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੇ ਜੁਗਾੜੂ ਰੇਹੜੇ ਆਮ ਜਨਤਾ ਦੀ ਜਾਨ ਲਈ ਖ਼ਤਰਾ ਬਣਦੇ ਜਾ ਰਹੇ ਹਨ। ਇਸ ਸੰਵੇਦਨਸ਼ੀਲ ਮੁੱਦੇ ’ਤੇ ‘ਪੰਜਾਬੀ ਜਾਗਰਣ’ ਨਾਲ ਵੱਖ-ਵੱਖ ਸਮਾਜ ਸੇਵੀ ਲੋਕਾਂ ਜਿਨ੍ਹਾਂ ਵਿੱਚ ਇੰਟਰਨੈਸ਼ਨਲ ਹਿਊਮਨ ਰਾਈਟਡ ਡਿਫੈਂਡਰ ਪੰਜਾਬ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ, ਸਮਾਜ ਸੇਵੀ ਅਤੇ ਲੋਕ ਇਨਸਾਫ ਮੋਰਚਾ ਦੇ ਪੰਜਾਬ ਪ੍ਰਧਾਨ ਸੋਨੂੰ ਔਲਖ, ਸਮਾਜ ਸੇਵੀ ਗਗਨਦੀਪ ਸਿੰਘ ਰਿਆੜ ਹਰਚੋਵਾਲ, ਸੂਬੇਦਾਰ ਖਜ਼ਾਨ ਸਿੰਘ ਗਿੱਲ ਕੰਡੀਲਾ ਆਦਿ ਨੇ ਕਿਹਾ ਇਹ ਜੁਗਾੜੂ ਜਿਥੇ ਵੱਡੇ ਪੱਧਰ ’ਤੇ ਸਰਕਾਰ ਨੂੰ ਬਿਨਾਂ ਕਿਸੇ ਟੈਕਸ ਦੇ ਚੂਨਾ ਲਗਾ ਰਹੇ ਹਨ, ਉਥੇ ਹੀ ਇਹ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਰਿਫਲੈਕਟਰਾਂ ਦੇ ਚੱਲਣ ਕਾਰਨ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਮਾਨ ਦੀ ਢੋਆ-ਢੁਆਈ ਲਈ ਚਲਦੇ ਜੁਗਾੜੂ ਰੇਹੜੇ ਜੋ ਓਵਰਲੈਂਥ ਲੋਹੇ ਦਾ ਸਰੀਆ ਅਤੇ ਹੋਰ ਭਾਰੀ ਸਾਮਾਨ ਲੱਦ ਕੇ ਸੜਕਾਂ ’ਤੇ ਮੌਤ ਬਣ ਕੇ ਦੌੜਦੇ ਹਨ। ਦਿਨ ਤਾਂ ਦਿਨ ਇਹ ਰਾਤ ਸਮੇਂ ਸਭ ਤੋਂ ਵੱਡਾ ਖ਼ਤਰਾ ਬਣ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਜੁਗਾੜੂ ਰੇਹੜੀਆਂ ’ਤੇ ਜ਼ਿਆਦਾਤਰ ਕੋਈ ਲਾਈਟ ਜਾਂ ਰਿਫਲੈਕਟਰ ਨਹੀਂ ਹੁੰਦਾ। ਰਾਤ ਦੇ ਹਨੇਰੇ ਵਿੱਚ ਇਹ ਵਾਹਨ ਦੂਰੋਂ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਦੂਜੇ ਵਾਹਨ ਚਾਲਕ ਇਨ੍ਹਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਬੇਸ਼ੱਕ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹਨਾਂ ਦੇ ਉੱਪਰ ਕਾਰਵਾਈ ਵੀ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਅਜਿਹੇ ਜੁਗਾੜੂ ਰੇਹੜੀਆ ਵਾਲੇ ਨਿਯਮਾਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਨਾ ਵਾਪਰ ਸਕੇ ਜਿਸ ਕਾਰਨ ਕਿਸੇ ਦੀ ਜ਼ਿੰਦਗੀ ਚਲੀ ਜਾਵੇ।