ਕਾਂਗਰਸ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ
ਬਟਾਲਾ ’ਚ ਕਾਂਗਰਸ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ
Publish Date: Fri, 21 Nov 2025 08:15 PM (IST)
Updated Date: Fri, 21 Nov 2025 08:16 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਸ਼ੁਕਰਵਾਰ ਦੀ ਸ਼ਾਮ ਨੂੰ ਬਟਾਲਾ ਦੇ ਭੀੜ ਭੜੱਕੇ ਵਾਲੇ ਇਲਾਕੇ ਜਲੰਧਰ ਰੋਡ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ ਦੇ ਮੋਬਾਇਲ ਸ਼ੋਰੂਮ ਉੱਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਗੋਲੀ ਚਲਾਈ ਹੈ। ਨੌਜਵਾਨ ਕਾਂਗਰਸੀ ਦੇ ਸ਼ੋਰੂਮ ’ਤੇ ਗੋਲੀ ਚੱਲਣ ਦੀ ਘਟਨਾ ਦੇ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ। ਉਧਰ ਗਨੀਮਤ ਇਹ ਰਹੀ ਹੈ ਕਿ ਗੋਲੀ ਕਾਂਡ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਗੋਲੀਕਾਂਡ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਸੰਜੀਵ ਕੁਮਾਰ, ਐੱਸਐੱਚਓ ਸਿਟੀ ਸੁਖਜਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸ਼ੈਰੀ ਕਲਸੀ ਵੀ ਸੇਠ ਟੈਲੀਕਮ ’ਤੇ ਪਹੁੰਚੇ। ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਅਤੇ ਕਾਰੋਬਾਰੀ ਗੌਤਮ ਸੇਠ ਗੁੱਡੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਕਰਵਾਰ ਦੀ ਸ਼ਾਮ ਕਰੀਬ ਸਾਢੇ 6 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਹਨਾਂ ਦੇ ਸ਼ੋਰੂਮ ’ਤੇ ਗੋਲੀਆਂ ਚਲਾਈਆਂ ਹਨ। ਉਹਨਾਂ ਨੇ ਦੱਸਿਆ ਕਿ ਗੋਲੀ ਸਿੱਧੀ ਕਾਊਂਟਰ ਦੇ ਉੱਤੇ ਲੱਗੀ ਹੈ, ਪਰ ਕਾਊਂਟਰ ਤੇ ਸੇਲਜਮੈਨ ਬੈਠਾ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਦਾ ਬਚਾਅ ਹੋ ਗਿਆ ਹੈ। ਗੌਤਮ ਸੇਠ ਗੁੱਡੂ ਨੇ ਦੱਸਿਆ ਕਿ ਉਸਨੂੰ ਪਿਛਲੇ ਕੁਝ ਦਿਨਾਂ ਤੋਂ ਫਰੌਤੀ ਨੂੰ ਲੈ ਕੇ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਇਸ ਸਬੰਧੀ ਉਹਨਾਂ ਨੇ ਐੱਸਐੱਸਪੀ ਬਟਾਲਾ ਨੂੰ ਮਿਲ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਆ ਰਹੀਆਂ ਧਮਕੀਆਂ ਦੀਆਂ ਕਾਲਾਂ ਤੋਂ ਉਹ ਪਰੇਸ਼ਾਨ ਸਨ। ਉਹਨਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਅਤੇ ਕਾਰੋਬਾਰੀਆਂ ’ਚ ਡਰ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਜਲੰਧਰ ਰੋਡ ’ਤੇ ਪਹਿਲਾ ਪੁਲਿਸ ਦਾ ਪੁਰਾਣਾ ਨਾਕਾ ਹੁੰਦਾ ਸੀ, ਪਰ ਲੰਬੇ ਸਮੇਂ ਤੋਂ ਹੁਣ ਪੁਲਿਸ ਦਾ ਨਾਕਾ ਲੱਗਣਾ ਬੰਦ ਹੋ ਗਿਆ ਹੈ, ਜੇਕਰ ਪੁਲਿਸ ਦਾ ਨਾਕਾ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਾਂਗਰਸੀ ਆਗੂ ਗੌਤਮ ਸੇਠ ਗੁੱਡੂ ਦੇ ਸ਼ੋਰੂਮ ’ਤੇ ਗੋਲੀ ਚੱਲੀ ਹੈ। ਡੀਐੱਸਪੀ ਨੇ ਕਿਹਾ ਕਿ ਉਹ ਮੌਕੇ ’ਤੇ ਪੁੱਜੇ ਹਨ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਨ। ਡੀਐੱਸਪੀ ਨੇ ਦੱਸਿਆ ਕਿ ਕਾਂਗਰਸੀ ਆਗੂ ਨੂੰ ਪਿਛਲੇ ਦਿਨਾਂ ਥਰੈਟ ਕਾਲ ਆਈ ਸੀ।