ਸ਼ੱਕੀ ਦਿਸਣ ਤੋਂ ਬਾਅਦ ਪਠਾਨਕੋਟ ’ਚ 48 ਘੰਟੇ ਤੋਂ ਚੱਲ ਰਹੀ ਹੈ ਸਰਚ ਮੁਹਿੰਮ, ਸੁਰੱਖਿਆ ਵਧਾਈ
ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇ ਕੋਈ ਸ਼ੱਕੀ ਸਰਗਰਮੀ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤੇ ਅਫ਼ਵਾਹਾਂ ਤੋਂ ਬਚਿਆ ਜਾਵੇ। ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਨਜ਼ਰੀਏ ਨਾਲ ਜ਼ਿਲ੍ਹੇ ਦੇ ਸੀਮਾਂਤ ਖੇਤਰ ਅਤਿ ਸੰਵੇਦਨਸ਼ੀਲ ਮੰਨੇ ਜਾਂਦੇ ਹਨ।
Publish Date: Wed, 04 Mar 2026 08:12 AM (IST)
Updated Date: Wed, 04 Mar 2026 08:14 AM (IST)
ਸੰਵਾਦ ਸਹਿਯੋਗੀ, ਜਾਗਰਣ, ਬਮਿਆਲ (ਪਠਾਨਕੋਟ) : ਹੋਲੀ ਤੋਂ ਪਹਿਲਾਂ ਸਰਹੱਦੀ ਜੰਮੂ-ਕਸ਼ਮੀਰ ਦੇ ਕਠੂਆ ’ਚ ਐਤਵਾਰ ਰਾਤ ਫ਼ੌਜ ਦੀ ਵਰਦੀ ’ਚ ਤਿੰਨ ਸ਼ੱਕੀ ਦਿਖਾਈ ਦੇਣ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਬਮਿਆਲ ਤੇ ਨਰੋਟਾ ਜੈਮਲ ਸਿੰਘ ’ਚ ਪੁਲਿਸ ਲਗਪਗ 48 ਘੰਟੇ ਤੋਂ ਸਰਚ ਮੁਹਿੰਮ ਚਲਾ ਰਹੀ ਹੈ। ਥਾਂ-ਥਾਂ ਨਾਕੇ ਲਾ ਕੇ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਜੰਮੂ ’ਚ ਪ੍ਰਵੇਸ਼ ਕਰਨ ਵਾਲੇ ਮਾਧੋਪੁਰ ਨਾਕੇ ’ਤੇ ਵੀ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ, ਪਰ ਅਜੇ ਤੱਕ ਕਿਸੇ ਸ਼ੱਕੀ ਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਪੁਲਿਸ ਨੇ ਜੰਮੂ ਖਾਸ ਕਰ ਕੇ ਕਠੂਆ ਜਾਣ ਵਾਲੇ ਸਾਰੇ ਮੁੱਖ ਤੇ ਬਦਲਵੇਂ ਮਾਰਗਾਂ ’ਤੇ ਨਾਕਾਬੰਦੀ ਕਰ ਦਿੱਤੀ ਹੈ। ਗ੍ਰਾਮੀਣ ਖੇਤਰਾਂ ’ਚ ਵੀ ਸਾਰੇ ਮੁੱਖ ਅਤੇ ਬਦਲਵੇਂ ਮਾਰਗਾਂ ’ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇ ਕੋਈ ਸ਼ੱਕੀ ਸਰਗਰਮੀ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤੇ ਅਫ਼ਵਾਹਾਂ ਤੋਂ ਬਚਿਆ ਜਾਵੇ। ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਨਜ਼ਰੀਏ ਨਾਲ ਜ਼ਿਲ੍ਹੇ ਦੇ ਸੀਮਾਂਤ ਖੇਤਰ ਅਤਿ ਸੰਵੇਦਨਸ਼ੀਲ ਮੰਨੇ ਜਾਂਦੇ ਹਨ।
ਪਿਛਲੇ ਦਿਨੀਂ ਗੁਆਂਢੀ ਜ਼ਿਲ੍ਹੇ ਗੁਰਦਾਸਪੁਰ ਦੇ ਸਰਹੱਦੀ ਪਿੰਡ ’ਚ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੀ ਘਟਨਾ ਵੀ ਹੋਈ ਹੈ, ਜਿਸ ’ਚ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦਾ ਹੱਥ ਹੋਣ ਦਾ ਸ਼ੱਕ ਹੈ। ਥਾਣਾ ਇੰਚਰਾਜ ਕੁਲਦੀਪ ਰਾਜ ਨੇ ਦੱਸਿਆ ਕਿ ਜ਼ਿਲ੍ਹੇ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁਲਿਸ ਵਿਸ਼ੇਸ਼ ਤੌਰ ’ਤੇ ਚੌਕਸ ਹੈ।