ਸਫਾਈ ਸੇਵਕ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ 6 ਮਈ ਕੰਮ ਛੋੜ ਹੜਤਾਲ ਦੀਆਂ ਮੰਗਾਂ ਸੰਬੰਧੀ ਬੋਲਦਿਆਂ ਕਿਹਾ ਕਿ ਠੇਕਾ ਪ੍ਰਣਾਲੀ ਸਮਾਪਤ ਕਰਕੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਦਰਜਾ ਕਰਮਚਾਰੀਆਂ ਨੂੰ ਰੈਗੂਲਰ ਪੋਸਟਾਂ ‘ਤੇ ਵਿਭਾਗ ਅਧੀਨ ਕਰਨ।

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ। ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ 6 ਮਈ ਕੰਮ ਛੋੜ ਹੜਤਾਲ ਦੀ ਤਿਆਰੀ ਸੰਬੰਧੀ ਮੀਟਿੰਗ ਸੂਬਾ ਸਕੱਤਰ ਰਮੇਸ਼ ਕੁਮਾਰ ਗੈਚੰਡ, ਸੂਬਾ ਜਥੇਬੰਦਕ ਸਕੱਤਰ ਕੁਲਦੀਪ ਕੁਮਾਰ ਕਾਂਗੜਾ, ਸੀਨੀਅਰ ਆਗੂ ਕੁਲਦੀਪ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ ਦੀ ਅਗਵਾਈ ਵਿੱਚ ਗੁਰਦਾਸਪੁਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੂਹ ਜ਼ਿਲ੍ਹੇ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ 6 ਮਈ ਤੋਂ ਕੰਮ ਛੋੜ ਹੜਤਾਲ ਨੂੰ ਸਫਲ ਬਣਾਉਣ ਦਾ ਅਹਿਦ ਲਿਆ।
ਸਫਾਈ ਸੇਵਕ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ 6 ਮਈ ਕੰਮ ਛੋੜ ਹੜਤਾਲ ਦੀਆਂ ਮੰਗਾਂ ਸੰਬੰਧੀ ਬੋਲਦਿਆਂ ਕਿਹਾ ਕਿ ਠੇਕਾ ਪ੍ਰਣਾਲੀ ਸਮਾਪਤ ਕਰਕੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਦਰਜਾ ਕਰਮਚਾਰੀਆਂ ਨੂੰ ਰੈਗੂਲਰ ਪੋਸਟਾਂ ‘ਤੇ ਵਿਭਾਗ ਅਧੀਨ ਕਰਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਸਾਲਾਂ ਪਾਲਿਸੀ ਨੂੰ ਰੱਦ ਕਰਕੇ ਦਰਜਾ ਚਾਰ ਕਰਮਚਾਰੀਆਂ ਨੂੰ ਉਹਨਾਂ ਦੇ ਸਰਵਿਸ ਵਿੱਚ 3 ਸਾਲ ਪੂਰੇ ਹੋਣ ਉਪਰੰਤ ਰੈਗੂਲਰ ਕਰਨ, 23-06-2021 ਨੂੰ ਜਾਰੀ ਨੋਟੀਫਿਕੇਸ਼ਨ ਦੇ ਆਧਾਰ ‘ਤੇ ਰਹਿੰਦੇ ਆਊਟਸੋਰਸ ਕਰਮਚਾਰੀਆਂ ਨੂੰ ਤੁਰੰਤ ਵਿਭਾਗ ਅਧੀਨ ਕਰਨ, ਯੂਪੀਐੱਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਨਗਰ ਪੰਚਾਇਤਾਂ ਵਿੱਚ ਈ.ਪੀ.ਐੱਫ ਸਕੀਮ ਲਾਗੂ ਕਰਨ, ਤਰਸ ਅਧਾਰਿਤ ਨੌਕਰੀਆਂ ਬਿਨ੍ਹਾਂ ਸ਼ਰਤ ਦੇਣ ਆਦਿ ਮੰਗਾਂ ਨੂੰ ਲੈ ਕੇ 6 ਮਈ ਨੂੰ ਪੰਜਾਬ ਦਾ ਸਮੁੱਚਾ ਸਫਾਈ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ ਕਰੇਗਾ।
ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਨੂੰ ਬਿਲਕੁਲ ਅਣਦੇਖਾ ਕੀਤਾ ਗਿਆ ਹੈ, ਜਿਸ ਕਾਰਨ ਸਮੁੱਚੇ ਸਫਾਈ ਕਰਮਚਾਰੀਆਂ ਵਿੱਚ ਰੋਸ ਹੈ। ਇੱਕ ਪਾਸੇ ਸਰਕਾਰ ਝਾੜੂ ਦਾ ਚੋਣ ਨਿਸ਼ਾਨ ਲਗਾਈ ਫਿਰਦੀ ਹੈ ਪਰ ਦੂਸਰੇ ਪਾਸੇ ਸਫਾਈ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਲੰਮੇ ਸਮੇਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਅਣਡਿੱਠ ਕੀਤਾ ਹੋਇਆ ਹੈ।
ਉਹਨਾਂ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਲਈ ਸ਼ੁਰੂ ਕੀਤਾ ਜਾ ਰਿਹਾ ਇਸ ਸੰਘਰਸ਼ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਸਮਾਪਤ ਹੋਵੇਗਾ। ਮੀਟਿੰਗ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਤ ਇਕਾਈ ਕਮੇਟੀਆਂ ਦੇ ਪ੍ਰਧਾਨ ਤੇ ਸਕੱਤਰ ਉੱਚੇ ਤੌਰ ‘ਤੇ ਸ਼ਾਮਿਲ ਹੋਏ ਜਿਹਨਾਂ ਵਿੱਚ ਗੁਰਦਾਸਪੁਰ ਤੋਂ ਸੋਨੂੰ ਸੱਭਰਵਾਲ, ਅਸ਼ਵਨੀ, ਰਵੀ (ਪ੍ਰਧਾਨ), ਧਾਰੀਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਿਕੰਦਰ, ਜਤਿੰਦਰ ਪਿੰਕਾ, ਗੀਤਾ ਮੀਤ ਪ੍ਰਧਾਨ ਡੇਰਾ ਬਾਬਾ ਨਾਨਕ ਤੋਂ ਪ੍ਰੇਮ ਕਾਲਾ, ਦੀਨਾਨਗਰ ਦੇ ਪ੍ਰਧਾਨ ਯੂਨਿਸ ਕੁਮਾਰ, ਦੀਪਾ, ਕਾਦੀਆਂ ਦੇ ਪ੍ਰਧਾਨ ਰਹਿਮਤ ਮਸੀਹ, ਦੀਪਕ, ਪਵਨ ਕੁਮਾਰ ਆਦਿ ਹਾਜ਼ਿਰ ਹੋਏ।