ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਰਣਜੀਤ ਸਿੰਘ ਨੂੰ 25 ਫਰਵਰੀ 2026 ਨੂੰ ਜ਼ਖਮੀ ਹਾਲਤ ’ਚ ਸਵੇਰੇ ਸਾਢੇ ਸੱਤ ਵਜੇ ਸਿਵਲ ਹਸਪਤਾਲ ਬੱਬਰੀ ਵਿਖੇ ਲਿਆਂਦਾ ਗਿਆ ਜਿਥੇ 15 ਮਿੰਟ ਬਾਅਦ ਉਸਦੀ ਮੌਤ ਹੋ ਗਈ। ਰਣਜੀਤ ਸਿੰਘ ਦਾ ਪੋਸਟਮਾਰਟਮ ਕਈ ਦਿਨਾਂ ਦੇ ਵਿਵਾਦ ਮਗਰੋਂ 3 ਮਾਰਚ ਨੂੰ ਸ਼ਾਮ 4.40 ਮਿਨਟ ਤੇ ਸੀਜੇਐੱਮ ਸੁਰੇਖਾ ਡਡਵਾਲ ਦੀ ਮੌਜੂਦਗੀ ਵਿੱਚ ਹੋਇਆ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਦੋਰਾਂਗਲਾ ਅਧੀਨ ਆਉਂਦੀ ਆਦੀਆਂ ਪੁਲਿਸ ਚੌਂਕੀ ਤੇ ਹਮਲਾ ਕਰਕੇ ਏਐੱਸਆਈ ਅਤੇ ਹੋਮਗਾਰਡ ਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਬਹੁਚਰਚਿਤ ਐਨਕਾਉਂਟਰ ਕਾਰਨ ਸਵਾਲਾਂ ਵਿੱਚ ਘਿਰੀ ਪੰਜਾਬ ਪੁਲਿਸ ਨੂੰ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਪਿੱਛੋਂ ਵੱਡੀ ਰਾਹਤ ਮਿਲੀ ਹੈ। ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਕਿ ਰਣਜੀਤ ਸਿੰਘ ਦੀ ਮੌਤ ਗੋਲੀਆਂ ਲੱਗਣ ਕਰਕੇ ਹੋਈ ਹੈ। ਇਹ ਵੀ ਦੱਸਿਆ ਗਿਆ ਕਿ ਜਿਸ ਵੇਲੇ ਗੋਲੀਆਂ ਲੱਗੀਆਂ ਉਸ ਵੇਲੇ ਰਣਜੀਤ ਸਿੰਘ ਜਿਉਂਦਾ ਸੀ। ਇਸ ਖੁਲਾਸੇ ਕਾਰਨ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਐਕਸ਼ਨ ਕਮੇਟੀ ਦੇ ਉਸ ਦਾਅਵੇ ਨੂੰ ਢਾਹ ਲੱਗੀ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਰਣਜੀਤ ਸਿੰਘ ਦੀ ਮੌਤ ਪੁਲਿਸ ਵੱਲੋਂ ਪੁੱਛਗਿਛ ਦੌਰਾਨ ਕੀਤੇ ਗਏ ਬੇਤਹਾਸ਼ਾ ਤਸ਼ੱਦਦ ਕਾਰਨ ਹੋ ਗਈ ਸੀ ਅਤੇ ਹਿਰਾਸਤ ਵਿੱਚ ਹੋਈ ਇਸ ਮੌਤ ਨੂੰ ਛੁਪਾਉਣ ਲਈ ਪੁਲਿਸ ਵੱਲੋਂ ਝੂਠੇ ਐਨਕਾਉਂਟਰ ਦਾ ਡਰਾਮਾ ਰਚਿਆ ਗਿਆ।
ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਰਣਜੀਤ ਸਿੰਘ ਨੂੰ 25 ਫਰਵਰੀ 2026 ਨੂੰ ਜ਼ਖਮੀ ਹਾਲਤ ’ਚ ਸਵੇਰੇ ਸਾਢੇ ਸੱਤ ਵਜੇ ਸਿਵਲ ਹਸਪਤਾਲ ਬੱਬਰੀ ਵਿਖੇ ਲਿਆਂਦਾ ਗਿਆ ਜਿਥੇ 15 ਮਿੰਟ ਬਾਅਦ ਉਸਦੀ ਮੌਤ ਹੋ ਗਈ। ਰਣਜੀਤ ਸਿੰਘ ਦਾ ਪੋਸਟਮਾਰਟਮ ਕਈ ਦਿਨਾਂ ਦੇ ਵਿਵਾਦ ਮਗਰੋਂ 3 ਮਾਰਚ ਨੂੰ ਸ਼ਾਮ 4.40 ਮਿਨਟ ਤੇ ਸੀਜੇਐੱਮ ਸੁਰੇਖਾ ਡਡਵਾਲ ਦੀ ਮੌਜੂਦਗੀ ਵਿੱਚ ਹੋਇਆ। 3 ਮੈਂਬਰੀ ਡਾਕਟਰਾਂ ਦੇ ਬੋਰਡ ਵਿੱਚ ਡਾ. ਸੁਖਦੇਵ ਸਿੰਘ, ਮੈਡੀਕਲ ਅਫਸਰ ਡਾ. ਸਤਿੰਦਰਪਾਲ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਡਾ. ਹਰਸ਼ ਕੁਮਾਰ ਸੀਨੀਅਰ ਰੈਜੀਡੇਂਟ ਸ਼ਾਮਲ ਸਨ।
ਡਾਕਟਰਾਂ ਵੱਲੋਂ ਕੀਤਾ ਗਿਆ ਇਹ ਪੋਸਟਮਾਰਟਮ 4 ਘੰਟੇ 8 ਮਿੰਟ ਤੱਕ ਚੱਲਿਆ। ਆਪਣੀ ਰਿਪੋਰਟ ਵਿੱਚ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਰਣਜੀਤ ਸਿੰਘ ਦੇ ਸਰੀਰ ਤੇ ਕੁੱਲ 6 ਜ਼ਖਮਾਂ ਦੇ ਨਿਸ਼ਾਨ ਸਨ। ਇੱਕ ਗੋਲੀ ਲੱਗਣ ਦਾ ਜ਼ਖਮ ਉਸਦੀ ਛਾਤੀ ਦੇ ਸੱਜੇ ਪਾਸੇ ਮੌਜੂਦ ਸੀ। ਇੱਕ ਹੋਰ ਗੋਲੀ ਲੱਗਣ ਦਾ ਜ਼ਖਮ ਉਸਦੀ ਛਾਤੀ ਦੇ ਖੱਬੇ ਪਾਸੇ ਮੌਜੂਦ ਸੀ। ਉਸਦੇ ਮੂੰਹ ਅਤੇ ਨੱਕ ਅਤੇ ਕੰਨ ਵਿੱਚੋਂ ਖੂਨ ਵਗਿਆ ਹੋਇਆ ਸੀ। ਤੀਸਰਾ ਅਤੇ ਚੌਥਾ ਜ਼ਖਮ ਉਸਦੀ ਪਿੱਠ ਦੇ ਸੱਜੇ ਅਤੇ ਖੱਬੇ ਪਾਸੇ ਪਾਏ ਗਏ ਅਤੇ ਇਹ ਜ਼ਖਮ ਗੋਲੀਆਂ ਬਾਹਰ ਨਿਕਲਣ ਕਾਰਨ ਮੌਜੂਦ ਸੀ। ਇਸ ਤੋਂ ਇਲਾਵਾ ਪੰਜਵਾਂ ਜ਼ਖਮ ਖੱਬੇ ਪਾਸੇ ਮੱਥੇ ਉੱਤੇ ਸੀ ਜਿੱਥੇ ਲਾਲੀ ਅਤੇ ਸੋਜ਼ ਸੀ। ਛੇਵਾਂ ਜ਼ਖਮ ਸੱਜੀ ਲੱਤ ਉੱਪਰ ਸੀ। ਇਸ ਰਿਪੋਰਟ ਨਾਲ ਬੇਸ਼ੱਕ ਪੁਲਿਸ ਨੂੰ ਕੁੱਝ ਰਾਹਤ ਮਿਲੀ ਹੋਵੇ ਪਰ ਇਹ ਸਵਾਲ ਅਜੇ ਵੀ ਬਣੇ ਹੋਏ ਹਨ ਕਿ ਜੇਕਰ ਰਣਜੀਤ ਸਿੰਘ ਪੁਲਿਸ ਦੀ ਗੱਡੀ ਪਲਟਣ ਤੋਂ ਬਾਅਦ ਫਰਾਰ ਹੋਇਆ ਤਾਂ ਹੱਥਕੜੀ ਲੱਗੇ ਹੋਣ ਦੇ ਬਾਵਜੂਦ ਉਸਨੇ ਮੋਟਰਸਾਈਕਲ ਅਤੇ ਪਿਸਤੌਲ ਦਾ ਪ੍ਰਬੰਧ ਕਿੱਥੋਂ ਕਰ ਲਿਆ।
ਰਣਜੀਤ ਸਿੰਘ ਗੱਡੀ ਪਲਟਣ ਵਾਲੀ ਥਾਂ ਤੋਂ ਫਰਾਰ ਹੋ ਕੇ ਕਰੀਬ 22 ਕਿਲੋਮੀਟਰ ਪੁਰਾਣਾ ਸ਼ਾਲਾ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਜਿੱਥੇ ਉਸਨੇ ਘੇਰਾ ਪੈਣ ਤੇ ਪੁਲਿਸ ਉੱਪਰ ਗੋਲੀ ਚਲਾਈ ਅਤੇ ਜਵਾਬੀ ਫਾਇਰਿੰਗ ਵਿੱਚ ਉਹ ਮਾਰਿਆ ਗਿਆ। ਫਿਲਹਾਲ ਇਸ ਪੂਰੇ ਮਾਮਲੇ ਦੀ ਮੈਜਿਸਟਰੇਟ ਜਾਂਚ ਚੱਲ ਰਹੀ ਹੈ ਅਤੇ ਇਹ ਜਾਂਚ ਰਿਪੋਰਟ ਸਾਹਮਣੇ ਆਉਣ ਉਪਰੰਤ ਹੀ ਸਥਿਤੀ ਪੂਰੀ ਤਰ੍ਹਾਂ ਸਾਫ ਹੋ ਸਕੇਗੀ।