ਰਮਨ ਬਹਿਲ ਨੇ ਜਖ਼ਮੀ ਅਧਿਆਪਕਾਂ ਦਾ ਜਾਣਿਆ ਹਾਲ
ਰਮਨ ਬਹਿਲ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸੜਕ ਹਾਦਸੇ ਵਿੱਚ ਜਖ਼ਮੀ ਹੋਏ ਅਧਿਆਪਕਾਂ ਦਾ ਜਾਣਿਆ ਹਾਲ
Publish Date: Sat, 17 Jan 2026 06:29 PM (IST)
Updated Date: Sun, 18 Jan 2026 04:13 AM (IST)
ਆਕਾਸ਼,ਪੰਜਾਬੀ ਜਾਗਰਣ ਗੁਰਦਾਸਪੁਰ: ਰਮਨ ਬਹਿਲ ਆਪ ਹਲਕਾ ਇੰਚਾਰਜ ਗੁਰਦਾਸਪੁਰ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿਖ ਪਹੁੰਚ ਕੇ ਸੜਕ ਹਾਦਸੇ ਵਿੱਚ ਜਖ਼ਮੀ ਹੋਏ ਅਧਿਆਪਕਾਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕੀਤੀ। ਇਸ ਮੌਕੇ ਐੱਸਐੱਮਓ ਰਵਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਗੱਲ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਅੱਜ ਸਵੇਰੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਚੂੜੀਆਂ ਦਾ ਸਟਾਫ਼ ਜੋ ਗੁਰਦਾਸਪੁਰ ਅਤੇ ਪਠਾਨਕੋਟ ਤੋਂ ਫ਼ਤਿਹਗੜ੍ਹ ਚੂੜੀਆਂ ਰੋਜ਼ਾਨਾ ਆਉਂਦਾ ਹੈ, ਦੀ ਗੱਡੀ ਦਾ ਟਰੱਕ ਵਿੱਚ ਵੱਜਣ ਨਾਲ ਸੰਘਣੀ ਧੁੰਦ ਕਾਰਨ ਨੜਾਂਵਾਲੀ (ਗੁਰਦਾਸਪੁਰ) ਨੇੜੇ ਐਕਸੀਡੈਂਟ ਹੋਇਆ ਹੈ, ਜਿਸ ਵਿੱਚ 7-8 ਅਧਿਆਪਕ ਗੰਭੀਰ ਜ਼ਖ਼ਮੀ ਹੋਏ ਸਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਅਧਿਆਪਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਡਾਕਟਰਾਂ ਵਲੋਂ ਇਲਾਜ ਕੀਤਾ ਗਿਆ ਹੈ ਅਤੇ ਦਵਾਈਆਂ, ਐਕਸਰੇ ਤੇ ਟੈਸਟ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਖਮੀ ਅਧਿਆਪਕ ਜਲਦ ਸਿਹਤਯਾਬ ਹੋਣ।