ਬੁੱਧਵਾਰ ਸਵੇਰੇ ਲਗਪਗ 3 ਵਜੇ ਕੇਂਦਰੀ ਜੇਲ੍ਹ ਵਿਚ ਤੈਨਾਤ ਪੇਸਕੋ ਕਰਮਚਾਰੀ ਗੁਰਪ੍ਰੀਤ ਸਿੰਘ ਵਾਸੀ ਮਿਰਜ਼ਾਨਪੁਰ ਥਾਣਾ ਦੀਨਾਨਗਰ ਨੇ ਆਪਣੀ ਪਤਨੀ ਤੇ ਸੱਸ ਜੋ ਕਿ ਦੋਰਾਂਗਲਾ ਥਾਣੇ ਦੇ ਪੈਂਦੇ ਪਿੰਡ ਖੁੱਥੀ ਵਿਚ ਰਹਿੰਦੀਆਂ ਸਨ, ਨੂੰ ਏਕੇ-47 ਨਾਲ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਬੁੱਧਵਾਰ ਨੂੰ ਇੱਥੇ ਇਕ ਸਾਬਕਾ ਫ਼ੌਜੀ ਨੇ ਆਪਣੀ ਪਤਨੀ ਤੇ ਸੱਸ ਨੂੰ ਏਕੇ-47 ਰਾਈਫਲ ਨਾਲ ਗੋਲ਼ੀਆਂ ਮਾਰ ਕੇ ਅਤੇ ਫਿਰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਹ ਅੱਜ-ਕੱਲ੍ਹ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਪੇਸਕੋ ਕਰਮਚਾਰੀ ਵਜੋਂ ਤੈਨਾਤ ਸੀ। ਘਟਨਾ ਤੋਂ ਬਾਅਦ ਡੀਜੀਪੀ ਨੇ ਐਲਾਨ ਕੀਤਾ ਕਿ ਐੱਸਐੱਸਪੀ ਗੁਰਦਾਸਪੁਰ ਸਣੇ ਤਿੰਨ ਅਧਿਕਾਰੀਆਂ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਜਾਵੇਗਾ। ਹਾਲਾਂਕਿ ਇਸ ਮਾਮਲੇ ’ਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲੇ। ਜਦੋਂ ਐੱਸਐੱਸਪੀ ਕੋਲ ਇਹ ਸਵਾਲ ਚੁੱਕੇ ਗਏ ਤਾਂ ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ ਲਗਪਗ 3 ਵਜੇ ਕੇਂਦਰੀ ਜੇਲ੍ਹ ਵਿਚ ਤੈਨਾਤ ਪੇਸਕੋ ਕਰਮਚਾਰੀ ਗੁਰਪ੍ਰੀਤ ਸਿੰਘ ਵਾਸੀ ਮਿਰਜ਼ਾਨਪੁਰ ਥਾਣਾ ਦੀਨਾਨਗਰ ਨੇ ਆਪਣੀ ਪਤਨੀ ਤੇ ਸੱਸ ਜੋ ਕਿ ਦੋਰਾਂਗਲਾ ਥਾਣੇ ਦੇ ਪੈਂਦੇ ਪਿੰਡ ਖੁੱਥੀ ਵਿਚ ਰਹਿੰਦੀਆਂ ਸਨ, ਨੂੰ ਏਕੇ-47 ਨਾਲ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਫਿਰ ਉਹ ਗੁਰਦਾਸਪੁਰ ਵਿਚ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7 ’ਚ ਆਪਣੇ ਫਲੈਟ ਵਿਚ ਵਾਪਸ ਆ ਗਿਆ ਜਿੱਥੇ ਉਹ ਇਕ ਔਰਤ ਨਾਲ ਰਹਿ ਰਿਹਾ ਸੀ। ਸੂਚਨਾ ਮਿਲਣ ਤੋਂ ਥੋੜੀ ਦੇਰ ਬਾਅਦ ਪੁਲਿਸ ਨੇ ਫਲੈਟ ਨੂੰ ਘੇਰ ਲਿਆ ਅਤੇ ਗੁਰਪ੍ਰੀਤ ਸਿੰਘ ਏਕੇ-47 ਨਾਲ ਪੌੜੀਆਂ ’ਤੇ ਬੈਠ ਗਿਆ। ਪੁਲਿਸ ਨੇ ਉਸ ਨੂੰ ਇਕ ਘੰਟੇ ਤੱਕ ਆਤਮ-ਸਮਰਪਣ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਅੰਤ ’ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਏਕੇ-47 ਚੋਰੀ ਕਰਨ ਮਾਮਲਾ ਦਰਜ ਕਰਵਾਇਆ
ਏਐੱਸਆਈ ਕੁਲਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਕੇਂਦਰੀ ਜੇਲ੍ਹ ’ਚ ਗਾਰਦ ਇੰਚਾਰਜ ਹੈ। ਦਸ ਲੋਕ ਗਾਰਦ ਡਿਊਟੀ ਤੇ ਗਸ਼ਤ ਡਿਊਟੀ ’ਤੇ ਹਨ। ਮੰਗਲਵਾਰ ਨੂੰ ਸੰਤਰੀ ਡਿਊਟੀ ’ਤੇ ਤਾਇਨਾਤ ਤਜਿੰਦਰ ਸਿੰਘ ਦੀ ਡਿਊਟੀ ਏਕੇ-47 ਨਾਲ ਜੇਲ੍ਹ ਦੇ ਮੁੱਖ ਗੇਟ ’ਤੇ ਸੀ। ਸ਼ਾਮ 5:30 ਵਜੇ ਦੇ ਕਰੀਬ ਗਾਰਦ ਦੀ ਜਾਂਚ ਕਰਦੇ ਸਮੇਂ ਤਜਿੰਦਰ ਸਿੰਘ ਤੋਂ ਬਿਨਾਂ ਹਥਿਆਰਾਂ ਦੇ ਡਿਊਟੀ ਕਰਨ ਬਾਰੇ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਦੀ ਏਕੇ-47 ਤੇ 25 ਕਾਰਤੂਸਾਂ ਵਾਲੀ ਇਕ ਮੈਗਜ਼ੀਨ 18 ਨਵੰਬਰ ਨੂੰ ਉਸ ਦੇ ਨਾਲ ਡਿਊਟੀ ’ਤੇ ਤਾਇਨਾਤ ਪੇਸਕੋ ਕਰਮਚਾਰੀ ਗੁਰਪ੍ਰੀਤ ਸਿੰਘ ਉਸ ਦੇ ਲੱਕੜ ਦੇ ਡੱਬੇ ’ਚੋਂ ਚੋਰੀ ਕਰ ਕੇ ਲੈ ਗਿਆ ਹੈ। ਉਸ ਨੇ ਅਡੀਸ਼ਨਲ ਸੁਪਰਡੈਂਟ ਸੁਰੱਖਿਆ ਸੁਖਜਿੰਦਰ ਸਿੰਘ ਨੂੰ ਉਨ੍ਹਾਂ ਦਾ ਰਿਹਾਇਸ਼ ’ਤੇ ਜਾ ਕੇ ਇਸ ਘਟਨਾ ਬਾਰੇ ਦੱਸਿਆ ਸੀ। ਫਿਰ ਸੁਪਰਡੈਂਟ ਜੇਲ੍ਹ ਮੁਖਤਿਆਰ ਰਾਏ ਨੂੰ ਸੂਚਿਤ ਕੀਤਾ ਗਿਆ। ਪੇਸਕੋ ਕਰਮਚਾਰੀ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਸੀ। ਇਸ ਤੋਂ ਬਾਅਦ ਡਿਊਟੀ ਅਫਸਰ ਏਐੱਸਆਈ ਜੈ ਸਿੰਘ ਨੇ ਕੇਸ ਦਰਜ ਕੀਤਾ ਸੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਪੁਲਿਸ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਹੋ ਰਹੇ ਹਨ ਸਵਾਲ
ਹੁਣ ਸਵਾਲ ਇਹ ਉੱਠਦਾ ਹੈ ਕਿ ਕੇਂਦਰੀ ਜੇਲ੍ਹ ਵਿਚ ਸਖ਼ਤ ਸੁਰੱਖਿਆ ਦੇ ਬਾਵਜੂਦ ਪੇਸਕੋ ਕਰਮਚਾਰੀ ਏਕੇ-47 ਲੈ ਕੇ ਕਿਵੇਂ ਭੱਜ ਗਿਆ ਜਦਕਿ ਕਰਮਚਾਰੀਆਂ ਨੂੰ ਜਾਣ ਤੋਂ ਪਹਿਲਾਂ ਆਪਣੇ ਹਥਿਆਰ ਅੰਦਰ ਜਮ੍ਹਾਂ ਕਰਵਾਉਣੇ ਪੈਂਦੇ ਹਨ। ਇਸ ਦੇ ਬਾਵਜੂਦ ਉਹ ਏਕੇ-47 ਨੂੰ ਗੁਰਦਾਸਪੁਰ ਤੋਂ 10 ਕਿਲੋਮੀਟਰ ਦੂਰ ਖੁੱਥੀ ਪਿੰਡ ਲੈ ਗਿਆ, ਜਿੱਥੇ ਉਸ ਨੇ ਦੋ ਲੋਕਾਂ ਨੂੰ ਮਾਰ ਦਿੱਤਾ ਅਤੇ ਫਿਰ 10 ਕਿਲੋਮੀਟਰ ਹੋਰ ਸਫ਼ਰ ਕਰ ਕੇ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ ਸੱਤ ਤੱਕ ਪਹੁੰਚ ਗਿਆ ਅਤੇ ਉਹ ਪੁਲਿਸ ਤੋਂ ਬਚ ਗਿਆ। ਸੂਤਰਾਂ ਅਨੁਸਾਰ ਉਸ ਦੀ ਸਾਲੀ ਤੇ ਸਾਂਡੂ ਵੀ ਉਸ ਦੇ ਨਿਸ਼ਾਨੇ ’ਤੇ ਸਨ ਪਰ ਉਹ ਕਿਸੇ ਤਰ੍ਹਾਂ ਬਚ ਗਏ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਕੇਂਦਰੀ ਜੇਲ੍ਹ ’ਚੋਂ ਇਸ ਤਰ੍ਹਾਂ ਏਕੇ-47 ਚੋਰੀ ਹੋਣ ਸਬੰਧੀ ਜਦੋਂ ਐੱਸਐੱਸਪੀ ਆਦਿੱਤਿਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਸੀਨੀਅਰ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।