ਲਗਾਤਾਰ ਹੋ ਰਹੀ ਬਾਰਿਸ਼, ਅਸਮਾਨ ਵਿੱਚ ਛਾਏ ਕਾਲੇ ਬੱਦਲ ਅਤੇ ਬਿਜਲੀ ਦੀ ਗਰਜ ਨੇ ਮੌਸਮ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ। ਮੌਸਮ ਦੇ ਇਸ ਬਦਲੇ ਰੂਪ ਕਾਰਨ ਪੂਰੇ ਸ਼ਹਿਰ ਵਿੱਚ ਠੰਢਕ ਫੈਲ ਗਈ ਅਤੇ ਲੋਕਾਂ ਨੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ।

ਪੰਜਾਬੀ ਜਾਗਰਣ ਟੀਮ, ਕਲਾਨੌਰ/ ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਵਿੱਚ ਸ਼ਨੀਵਾਰ ਸਵੇਰੇ ਲਗਭਗ ਸਾਢੇ ਪੰਜ ਵਜੇ ਤੋਂ ਮੌਸਮ ਨੇ ਅਚਾਨਕ ਕਰਵਟ ਬਦਲ ਲਈ। ਸਵੇਰ ਤੋਂ ਹੀ ਕਾਲੇ ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ ਅਤੇ ਗਰਜ-ਚਮਕ ਦੇ ਨਾਲ ਤੇਜ਼ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ। ਇਸ ਦੌਰਾਨ ਕਈ ਇਲਾਕਿਆਂ ਵਿੱਚ ਗੜੇ ਵੀ ਪਏ, ਜਿਸ ਕਾਰਨ ਮੌਸਮ ਹੋਰ ਵੀ ਠੰਢਾ ਅਤੇ ਸੁਹਾਵਣਾ ਬਣ ਗਿਆ।
ਬਾਰਿਸ਼ ਦੇ ਨਾਲ ਚੱਲ ਰਹੀਆਂ ਠੰਡੀ ਹਵਾਵਾਂ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਕਰਵਾਈ। ਸਵੇਰੇ ਦੇ ਸਮੇਂ ਮੌਸਮ ਇਕਦਮ ਬਦਲ ਜਾਣ ਕਾਰਨ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ। ਕਈ ਲੋਕ ਘਰਾਂ ਦੀਆਂ ਛੱਤਾਂ ਅਤੇ ਬਾਲਕਨੀਆਂ ਵਿੱਚ ਖੜ੍ਹੇ ਹੋ ਕੇ ਸੁਹਾਵਣੇ ਮੌਸਮ ਦਾ ਆਨੰਦ ਮਾਣਦੇ ਵੇਖੇ ਗਏ।
ਹਾਲਾਂਕਿ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਬਾਰਿਸ਼ ਕਾਰਨ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਬੱਚਿਆਂ ਅਤੇ ਮਾਪਿਆਂ ਨੂੰ ਬਾਰਿਸ਼ ਵਿੱਚ ਸਕੂਲਾਂ ਵੱਲ ਜਾਂਦੇ ਹੋਏ ਦਿੱਕਤਾਂ ਆਈਆਂ, ਪਰ ਇਸ ਦੇ ਬਾਵਜੂਦ ਮੌਸਮ ਦੇ ਠੰਢੇ ਹੋਣ ਨਾਲ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਵੀ ਨਜ਼ਰ ਆਈ।
ਲਗਾਤਾਰ ਹੋ ਰਹੀ ਬਾਰਿਸ਼, ਅਸਮਾਨ ਵਿੱਚ ਛਾਏ ਕਾਲੇ ਬੱਦਲ ਅਤੇ ਬਿਜਲੀ ਦੀ ਗਰਜ ਨੇ ਮੌਸਮ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ। ਮੌਸਮ ਦੇ ਇਸ ਬਦਲੇ ਰੂਪ ਕਾਰਨ ਪੂਰੇ ਸ਼ਹਿਰ ਵਿੱਚ ਠੰਢਕ ਫੈਲ ਗਈ ਅਤੇ ਲੋਕਾਂ ਨੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ।
ਕਲਾਨੌਰ 'ਚ ਵੀ ਤੇਜ਼ ਬਾਰਿਸ਼
ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਆਮ ਲੋਕਾਂ ਤੋਂ ਇਲਾਵਾ ਪਸ਼ੂ-ਪੰਛੀ ਗਰਮੀ ਨਾਲ ਬੇਹਾਲ ਹੋ ਰਹੇ ਸਨ। ਉਥੇ ਸ਼ਨੀਵਾਰ ਨੂੰ ਸਵੇਰੇ ਕਸਬਾ ਕਲਾਨੌਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸ਼ੁਰੂ ਹੋਈ ਮੋਹਲੇਧਾਰ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੌਕੇ 'ਤੇ ਪਰਮਿੰਦਰ ਸਿੰਘ, ਕੁਲਵੰਤ ਸਿੰਘ, ਦਿਲਪ੍ਰੀਤ ਸਿੰਘ, ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਲੋਕ ਤਪਸ ਤੋਂ ਬਚਣ ਲਈ ਏਸੀ, ਕੂਲਰਾਂ ਅਤੇ ਪੱਖਿਆਂ ਆਦਿ ਦਾ ਸਹਾਰਾ ਲੈਣ ਦੇ ਬਾਵਜੂਦ ਵੀ ਗਰਮੀ ਨੇ ਬੇਹਾਲ ਕੀਤਾ ਹੋਇਆ ਸੀ। ਇਥੋਂ ਤੱਕ ਕਿ ਗਰਮੀ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਦੇ ਟਾਈਮ ਵੀ ਤਬਦੀਲ ਕਰ ਦਿੱਤੇ ਸਨ ਅਤੇ ਲੋਕ ਧੁੱਪ ਦੌਰਾਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਗ਼ੁਰੇਜ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਤੜਕੇ ਸਵੇਰ ਤੋਂ ਹੀ ਅਸਮਾਨ ਵਿੱਚ ਛਾਏ ਕਾਲੇ ਬੱਦਲਾਂ ਅਤੇ ਹਨੇਰੀ ਆਉਣ ਤੋਂ ਬਾਅਦ 8 ਵਜੇ ਤੋਂ ਬਾਅਦ ਅੱਧਾ ਘੰਟੇ ਤੋਂ ਵੱਧ ਸਮਾਂ ਮੋਹਲੇਧਾਰ ਬਾਰਸ਼ ਹੋਣ ਨਾਲ ਮੌਸਮ ਠੰਢਾ ਹੋ ਗਿਆ ਹੈ। ਇਸ ਮੌਕੇ 'ਤੇ ਉਨ੍ਹਾਂ ਦੱਸਿਆ ਕਿ ਤੇਜ਼ ਬਾਰਿਸ਼ ਕਾਰਨ ਛੱਤਾਂ ਦੇ ਪਰਨਾਲੇ ਚੱਲਣ ਕਾਰਨ ਕਲਾਨੌਰ ਦੇ ਲਾਹੌਰੀ ਬਾਜ਼ਾਰ ਵਿੱਚ ਵੀ ਪਾਣੀ ਵਹਿਣ ਲੱਗ ਪਿਆ।