ਸਦੀ ਪੁਰਾਣੇ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਨੂੰ ਕੇਂਦਰ ਵੱਲੋਂ ਤੋੜਨ ਦੀ ਤਿਆਰੀ, ਸੁਖਜਿੰਦਰ ਰੰਧਾਵਾ ਨੇ ਕੇਂਦਰੀ ਰੇਲਵੇ ਮੰਤਰੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ
ਭਾਰਤ ਪਾਕਿ ਵੰਡ ਤੋਂ ਪਹਿਲਾਂ ਬਣੇ ਸਰਹੱਦੀ ਖੇਤਰ ਦੇ ਬਡੇਰਾ ਬਾਬਾ ਨਾਨਕ ਵਿਚ ਬਣੇ ਰੇਲਵੇ ਸਟੇਸ਼ਨ ਨੂੰ ਕੇਂਦਰ ਸਰਕਾਰ ਵੱਲੋਂ ਤੋੜੇ ਜਾਣ ਦੀਆਂ ਤਿਆਰੀਆਂ ਹਨ। ਰੇਲਵੇ ਸਟੇਸ਼ਨ ਦੀ ਇਮਾਰਤ ਨੂੰ ਬਚਾਉਣ ਤੇ ਇਸ ਰੇਲਵੇ ਸਟੇਸ਼ਨ ਨੂੰ ਵਿਰਾਸਤੀ ਇਮਾਰਤ ਐਲਾਨਣ ਲਈ ਗੁਰਦਾਸਪੁਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ ਹੈ। ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਨੇ ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ ਆਪਣੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਹੈ।
Publish Date: Thu, 18 Dec 2025 11:22 AM (IST)
Updated Date: Thu, 18 Dec 2025 11:23 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਭਾਰਤ ਪਾਕਿ ਵੰਡ ਤੋਂ ਪਹਿਲਾਂ ਬਣੇ ਸਰਹੱਦੀ ਖੇਤਰ ਦੇ ਬਡੇਰਾ ਬਾਬਾ ਨਾਨਕ ਵਿਚ ਬਣੇ ਰੇਲਵੇ ਸਟੇਸ਼ਨ ਨੂੰ ਕੇਂਦਰ ਸਰਕਾਰ ਵੱਲੋਂ ਤੋੜੇ ਜਾਣ ਦੀਆਂ ਤਿਆਰੀਆਂ ਹਨ। ਰੇਲਵੇ ਸਟੇਸ਼ਨ ਦੀ ਇਮਾਰਤ ਨੂੰ ਬਚਾਉਣ ਤੇ ਇਸ ਰੇਲਵੇ ਸਟੇਸ਼ਨ ਨੂੰ ਵਿਰਾਸਤੀ ਇਮਾਰਤ ਐਲਾਨਣ ਲਈ ਗੁਰਦਾਸਪੁਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ ਹੈ। ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਨੇ ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ ਆਪਣੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਹੈ।
ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਤੋਂ ਬਾਅਦ ਰੰਧਾਵਾ ਨੇ ਆਪਣੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ, ਜੋ ਕਿ 1927 ਵਿਚ ਬਣਿਆ ਸੀ, ਨੂੰ ਤੋੜਿਆ ਜਾ ਰਿਹਾ ਹੈ।ਇਹ ਸਟੇਸ਼ਨ ਪੰਜਾਬ ਦਾ ਇਕੱਲਾ ਬਚਿਆ ਹੋਇਆ ਬਸਤੀਵਾਦੀ-ਦੌਰ ਦਾ ਰੇਲਵੇ ਸਟੇਸ਼ਨ ਹੈ ਅਤੇ ਆਜ਼ਾਦੀ ਤੋਂ ਪਹਿਲਾਂ ਇਹ ਅੰਮ੍ਰਿਤਸਰ-ਸਿਆਲਕੋਟ-ਲਾਹੌਰ ਰੇਲ ਲਾਈਨ ਦਾ ਅਹਿਮ ਹਿੱਸਾ ਸੀ। ਰੰਧਾਵਾ ਨੇ ਦੱਸਿਆ ਕਿ ਇਹ ਸਟੇਸ਼ਨ ਇਤਿਹਾਸਕ ਕਰਤਾਰਪੁਰ ਕੌਰੀਡੋਰ ਦੇ ਨੇੜੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਵਿਰਾਸਤ ਨਾਲ ਪਿਆਰ ਕਰਨ ਵਾਲੇ ਲੋਕਾਂ, ਇਤਿਹਾਸਕਾਰਾਂ ਤੇ ਵਿਰਾਸਤ ਦੀ ਸਾਂਭ-ਸੰਭਾਲ ਨਾਲ ਜੁੜੀਆਂ ਸੰਸਥਾਵਾਂ ਦੀਆਂ ਅਪੀਲਾਂ ਦੇ ਬਾਵਜੂਦ, ਇਸ ਰੇਲਵੇ ਸਟੇਸ਼ਨ ਨੂੰ ਤੋੜਨ ਦੀਆਂ ਤਿਆਰੀਆਂ ਹਨ।
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਲਿਖਤੀ ਮੰਗ ਕੀਤੀ ਹੈ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਨੂੰ ਤੋੜਨ ਦੀ ਤਿਆਰੀ ਤੁਰੰਤ ਰੋਕੀ ਜਾਵੇ ਅਤੇ ਰੇਲਵੇ ਮੰਤਰਾਲਾ ਏਐੱਸਆਈ ਤੇ ਵਿਰਾਸਤ ਮਾਹਿਰਾਂ ਨਾਲ ਮਿਲ ਕੇ ਇਸ ਦੀ ਇਤਿਹਾਸ ਸਟੇਸ਼ਨ ਸਬੰਧੀ ਲਏ ਗਏ ਫੈਸਲੇ ਦੀ ਸਮੀਖਿਆ ਕਰੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਸਟੇਸ਼ਨ ਨੂੰ ਸੰਭਾਲ ਕੇ, ਨਵੇਂ ਤਰੀਕੇ ਨਾਲ ਅਪਗ੍ਰੇਡ ਦੀ ਯੋਜਨਾ ਬਣਾਈ ਜਾਵੇ। ਇਸ ਤੋਂ ਇਲਾਵਾ ਸਥਾਨਕ ਵਾਸੀਆਂ, ਇਤਿਹਾਸਕਾਰਾਂ ਤੇ ਸੱਭਿਆਚਾਰਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦੀ 100 ਸਾਲ ਪੁਰਾਣੀ ਵਿਰਾਸਤ ਸਦਾ ਲਈ ਮਿਟ ਜਾਵੇਗੀ ਤੇ ਆਜ਼ਾਦੀ ਅਤੇ ਵੰਡ ਤੋਂ ਪਹਿਲਾਂ ਦੇ ਇਤਿਹਾਸਕ ਸਬੂਤ ਨਸ਼ਟ ਹੋ ਜਾਣਗੇ।
ਦੱਸਣ ਯੋਗ ਹੈ ਕਿ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਲਈ ਇੱਕ ਰੇਲਗੱਡੀ ਦਿਨ ਵਿਚ ਦੋ ਵੇਲੇ ਚਲਦੀ ਸੀ ਤੇ ਅੰਮ੍ਰਿਤਸਰ ਜਾਣ ਲਈ ਨੌਕਰੀ ਪੇਸ਼ਾ ਅਤੇ ਹੋਰ ਕਾਰੋਬਾਰ ਲੋਕ ਇਸ ਰੇਲ ਰਾਹੀ ਸਫਰ ਕਰਦੇ ਸਨ, ਪਰ ਪਿਛਲੇ ਕੁਝ ਸਾਲਾਂ ਤੋਂ ਰੇਲ ਵਿਭਾਗ ਵੱਲੋਂ ਡੇਰਾ ਬਾਬਾ ਨਾਨਕ ਤੱਕ ਆਉਣ ਵਾਲੀ ਰੇਲ ਗੱਡੀ ਬੰਦ ਕਰ ਦਿੱਤਾ ਗਿਆ ਹੈ ਤੇ ਡੇਰਾ ਬਾਬਾ ਨਾਨਕ ਆਉਣ ਵਾਲੀ ਰੇਲ ਗੱਡੀ ਵੇਰਕਾ ਤੋਂ ਹੀ ਵਾਪਸ ਹੋ ਜਾਂਦੀ ਹੈ। ਭਾਰਤ ਪਾਕਿ ਵੰਡ ਵੇਲੇ ਇਸ ਰੇਲਵੇ ਸਟੇਸ਼ਨ ਨੇ ਵੰਡ ਦਾ ਵੀ ਦਰਦ ਹੰਢਾਇਆ ਸੀ।