ਨਿਹੰਗਾਂ ਦੇ ਭੇਸ 'ਚ ਸੁਨਿਆਰੇ ਦੇ ਘਰ ਕਰੋੜਾਂ ਦੀ ਲੁੱਟ ਕਰਨ ਵਾਲਾ 'ਗੋਲੀ' ਚੜ੍ਹਿਆ ਪੁਲਿਸ ਅੜਿੱਕੇ, ਜ਼ਮਾਨਤ 'ਤੇ ਆਇਆ ਸੀ ਜੇਲ੍ਹ ਤੋਂ ਬਾਹਰ; ਕੁੱਲ 17 ਕੇਸ ਦਰਜ
SSP ਆਦਿਤਿਆ ਨੇ ਦੱਸਿਆ ਕਿ ਲੁੱਟ ਦੀ ਪੂਰੀ ਯੋਜਨਾ ਗੁਰਪ੍ਰੀਤ ਸਿੰਘ ਉਰਫ ਗੋਲੀ ਨੇ ਤਿਆਰ ਕੀਤੀ ਸੀ। ਇਸ ਮਾਮਲੇ 'ਚ ਪੁਲਿਸ ਨੇ 12 ਮਾਰਚ ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਕੋਲੋਂ ਕਰੀਬ 2 ਕਰੋੜ ਰੁਪਏ ਦਾ ਲੁੱਟਿਆ ਸਾਮਾਨ ਬਰਾਮਦ ਕੀਤਾ ਗਿਆ ਸੀ। ਮਾਸਟਰਮਾਈਂਡ ਗੁਰਪ੍ਰੀਤ ਉਰਫ ਗੋਲੀ ਲਗਾਤਾਰ ਫ਼ਰਾਰ ਸੀ ਪਰ ਪੁਲਿਸ ਟੀਮਾਂ ਉਸ ਦੇ ਪਿੱਛੇ ਲੱਗੀਆਂ ਹੋਈਆਂ ਸਨ।
Publish Date: Mon, 27 Apr 2026 03:56 PM (IST)
Updated Date: Mon, 27 Apr 2026 04:02 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਨੇ ਸ਼ਹਿਰ ਦੀ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ-5 'ਚ ਨਿਹੰਗਾਂ ਦੇ ਭੇਸ 'ਚ ਇਕ ਪਰਿਵਾਰ ਨੂੰ ਬੰਧਕ ਬਣਾ ਕੇ ਕਰੋੜਾਂ ਦੀ ਲੁੱਟ ਨੂੰ ਅੰਜਾਮ ਦੇਣ ਦੇ ਮਾਮਲੇ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ 'ਚ ਪਹਿਲਾਂ ਵੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਲੀ ਵਾਸੀ ਕੋਟਲੀ ਸੂਰਤ ਮੱਲ੍ਹੀ ਵਜੋਂ ਹੋਈ ਹੈ।
ਐੱਸਐੱਸਪੀ ਆਦਿਤਿਆ ਨੇ ਦੱਸਿਆ ਕਿ ਲੁੱਟ ਦੀ ਪੂਰੀ ਯੋਜਨਾ ਗੁਰਪ੍ਰੀਤ ਸਿੰਘ ਉਰਫ ਗੋਲੀ ਨੇ ਤਿਆਰ ਕੀਤੀ ਸੀ। ਇਸ ਮਾਮਲੇ 'ਚ ਪੁਲਿਸ ਨੇ 12 ਮਾਰਚ ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਕੋਲੋਂ ਕਰੀਬ 2 ਕਰੋੜ ਰੁਪਏ ਦਾ ਲੁੱਟਿਆ ਸਾਮਾਨ ਬਰਾਮਦ ਕੀਤਾ ਗਿਆ ਸੀ। ਮਾਸਟਰਮਾਈਂਡ ਗੁਰਪ੍ਰੀਤ ਉਰਫ ਗੋਲੀ ਲਗਾਤਾਰ ਫ਼ਰਾਰ ਸੀ ਪਰ ਪੁਲਿਸ ਟੀਮਾਂ ਉਸ ਦੇ ਪਿੱਛੇ ਲੱਗੀਆਂ ਹੋਈਆਂ ਸਨ। ਹੁਣ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਪਰਾਧਿਕ ਪਿਛੋਕੜ ਵਾਲਾ ਹੈ। ਉਸ ਦੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼, ਲੁੱਟ-ਖੋਹ, ਆਰਮਜ਼ ਐਕਟ, ਪ੍ਰਿਜ਼ਨ ਐਕਟ ਆਦਿ ਦੇ 17 ਮਾਮਲੇ ਦਰਜ ਹਨ। ਉਹ ਇਸ ਸਮੇਂ ਜ਼ਮਾਨਤ 'ਤੇ ਸੀ। ਪੁਲਿਸ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਵੇਗੀ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋ ਸਕਣ।
ਜ਼ਿਕਰਯੋਗ ਹੈ ਕਿ 5 ਮਾਰਚ ਨੂੰ ਕੁਝ ਅਣਪਛਾਤੇ ਬਦਮਾਸ਼ ਨਿਹੰਗਾਂ ਦੇ ਭੇਸ ਵਿੱਚ ਸੁਨਿਆਰੇ ਵਰੁਣ ਕੁਮਾਰ ਦੇ ਘਰ ਵੜ ਗਏ ਸਨ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਬੰਦੂਕ ਦੇ ਜ਼ੋਰ 'ਤੇ ਬੰਧਕ ਬਣਾ ਲਿਆ ਤੇ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਕਾਰ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਦੀ ਸ਼ਿਕਾਇਤ 'ਤੇ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ।