Pathankot News : ਪੈਲੇਸ 'ਚ ਸ਼ਗਨ ਸਮਾਗਮ ਦੌਰਾਨ ਸੋਨੇ ਦੇ ਗਹਿਣਿਆਂ ਤੇ ਨਕਦੀ ਨਾਲ ਭਰਿਆ ਬੈਗ ਚੋਰੀ
ਗੋਸਾਈਪੁਰ ਰੋਡ ਸਥਿਤ ਪੈਲੇਸ ਵਿੱਚ ਹੋਏ ਸ਼ਗਨ ਸਮਾਗਮ ਦੌਰਾਨ ਲਾੜੇ ਦੀ ਮਾਂ ਦਾ ਗਹਿਣਿਆਂ ਅਤੇ ਨਕਦੀ ਨਾਲ ਭਰਿਆ ਬੈਗ ਚੋਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੁਜਾਨਪੁਰ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
Publish Date: Wed, 04 Feb 2026 06:53 PM (IST)
Updated Date: Wed, 04 Feb 2026 06:56 PM (IST)
ਆਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਗੋਸਾਈਪੁਰ ਰੋਡ ਸਥਿਤ ਪੈਲੇਸ ਵਿੱਚ ਹੋਏ ਸ਼ਗਨ ਸਮਾਗਮ ਦੌਰਾਨ ਲਾੜੇ ਦੀ ਮਾਂ ਦਾ ਗਹਿਣਿਆਂ ਅਤੇ ਨਕਦੀ ਨਾਲ ਭਰਿਆ ਬੈਗ ਚੋਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੁਜਾਨਪੁਰ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਭਦਰੋਆ ਨਿਵਾਸੀ ਕੁਲਦੀਪ ਚੰਦ ਨੇ ਦੱਸਿਆ ਕਿ ਉਸਦੇ ਪੁੱਤਰ ਰਜਤ ਸ਼ਰਮਾ ਦੇ ਵਿਆਹ ਰਸਮਾਂ ਦੇ ਚਲਦਿਆਂ ਉੱਪਲ ਪੈਲੇਸ ਵਿੱਚ ਸ਼ਗਨ ਸਮਾਗਮ ਰੱਖਿਆ ਗਿਆ ਸੀ। ਸਮਾਗਮ ਵਿੱਚ ਰਿਸ਼ਤੇਦਾਰਾਂ ਅਤੇ ਸਨੇਹੀਆਂ ਵਲੋਂ ਸ਼ਗੁਨ ਪਾਇਆ ਗਿਆ। ਲੜਕੀ ਪੱਖ ਵਲੋਂ ਰਜਤ ਨੂੰ ਇਕ ਸੋਨੇ ਦੀ ਅੰਗੂਠੀ ਅਤੇ ਦੋ ਜੋੜੇ ਸੋਨੇ ਦੇ ਟਾਪਸ ਭੇਟ ਕੀਤੇ ਗਏ, ਜੋ ਬਾਕੀ ਸ਼ਗਨ ਦੀ ਰਕਮ ਸਮੇਤ ਇਕ ਬੈਗ ਵਿੱਚ ਸੰਭਾਲ ਕੇ ਰੱਖੇ ਗਏ ਸਨ।
ਉਸ ਵੇਲੇ ਬੈਗ ਲਾੜੇ ਦੀ ਮਾਂ ਅਰੂਣਾ ਸ਼ਰਮਾ ਕੋਲ ਸੀ। ਸ਼ਾਮ ਕਰੀਬ 4 ਵਜੇ ਡੀਜੇ 'ਤੇ ਨੱਚਣ-ਗਾਉਣ ਦਾ ਮਾਹੌਲ ਬਣਿਆ ਹੋਇਆ ਸੀ। ਅਰੂਣਾ ਸ਼ਰਮਾ ਸੋਫੇ 'ਤੇ ਬੈਗ ਰੱਖ ਕੇ ਰਿਸ਼ਤੇਦਾਰਾਂ 'ਤੇ ਪੈਸੇ ਵਾਰਨ ਲਈ ਗਈ, ਇਸ ਦੌਰਾਨ ਪਿੱਛੋਂ ਕਿਸੇ ਅਣਪਛਾਤੇ ਵਿਅਕਤੀ ਨੇ ਬੈਗ ਚੁੱਕ ਲਿਆ। ਵਾਪਸ ਆ ਕੇ ਬੈਗ ਨਾ ਮਿਲਣ 'ਤੇ ਉਨ੍ਹਾਂ ਸ਼ੋਰ ਮਚਾਇਆ ਅਤੇ ਸਾਰੇ ਪਰਿਵਾਰ ਨੇ ਤਲਾਸ਼ ਕੀਤੀ ਪਰ ਬੈਗ ਨਹੀਂ ਮਿਲਿਆ।
ਪੈਲੇਸ ਦੇ ਸੀਸੀਟੀਵੀ ਕੈਮਰੇ ਢੰਗ ਨਾਲ ਉਪਲਬਧ ਨਾ ਹੋਣ ਕਾਰਨ ਸਮਾਗਮ ਦੇ ਕੈਮਰਾਮੈਨ ਦੀ ਰਿਕਾਰਡਿੰਗ ਚੈਕ ਕੀਤੀ ਗਈ। ਵੀਡੀਓ ਵਿੱਚ ਇਕ ਛੋਟੇ ਕੱਦ ਦਾ ਨੌਜਵਾਨ ਸੱਜ ਧੱਜ ਕੇ ਪਰਿਵਾਰ ਦੇ ਆਸ ਪਾਸ ਘੁੰਮਦਾ ਨਜ਼ਰ ਆਇਆ, ਜਿਸ 'ਤੇ ਚੋਰੀ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਸੁਜਾਨਪੁਰ ਥਾਣਾ ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੀਡੀਓ ਫੁਟੇਜ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਲਈ ਜਾਂਚ ਤੇਜ਼ ਕਰ ਦਿੱਤੀ ਗਈ।