ਕਲਾਨੌਰ ’ਚ ਪੰਚਾਇਤ ਚੋਣਾਂ ਅੱਜ, ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ਲਈ ਰਵਾਨਾ
ਕਲਾਨੌਰ ਵਿੱਚ ਪੰਚਾਇਤ ਚੋਣਾਂ ਅੱਜ, ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ਲਈ ਰਵਾਨਾ
Publish Date: Sat, 17 Jan 2026 06:25 PM (IST)
Updated Date: Sun, 18 Jan 2026 04:13 AM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: 13 ਸਾਲਾਂ ਬਾਅਦ ਇਤਿਹਾਸਕ ਕਸਬੇ ਕਲਾਨੌਰ ਵਿੱਚ ਛੇ ਪੰਚਾਇਤਾਂ ਲਈ ਚੋਣਾਂ ਐਤਵਾਰ ਨੂੰ ਹੋਣੀਆਂ ਹਨ। ਚੋਣ ਅਮਲੇ ਵੱਲੋਂ ਚੋਣਾਂ ਲਈ ਪੋਲਿੰਗ ਬੂਥਾਂ ਤੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕਲਾਨੌਰ ਕਸਬੇ ਵਿੱਚ ਛੇ ਪੰਚਾਇਤਾਂ ਲਈ ਚੋਣਾਂ 2013 ਵਿੱਚ ਹੋਈਆਂ ਸਨ ਅਤੇ ਇਹ ਮਿਆਦ 2018 ਵਿੱਚ ਖਤਮ ਹੋ ਗਈ ਸੀ। ਉਸ ਤੋਂ ਬਾਅਦ ਚੋਣਾਂ ਨਹੀਂ ਹੋਈਆਂ। ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਛੇ ਪੰਚਾਇਤਾਂ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਛੇ ਪੰਚਾਇਤ ਚੋਣਾਂ ਵਿੱਚ ਦੋ ਪੰਚਾਇਤਾਂ, ਪੀਏਪੀ ਪੰਚਾਇਤ ਅਤੇ ਚੱਕਰੀ ਪੰਚਾਇਤ ਤੋਂ ‘ਆਪ’ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਹੁਣ ਚਾਰ ਪੰਚਾਇਤਾਂ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਗ੍ਰਾਮ ਪੰਚਾਇਤ ਜੈਲਦਾਰਨ ਵਿੱਚ ਭਾਜਪਾ, ਅਕਾਲੀ ਦਲ, ਕਾਂਗਰਸ, ਆਪ ਅਤੇ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਗ੍ਰਾਮ ਪੰਚਾਇਚ ਢੱਕੀ ਵਿੱਚ ਆਪ, ਆਜ਼ਾਦ ਅਤੇ ਕਾਂਗਰਸ ਦੇ ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਮੋਜੋਵਾਲ ਪੰਚਾਇਤ ਵਿੱਚ ਆਪ ਅਤੇ ਅਕਾਲੀ ਦਲ ਵਿਚਕਾਰ ਮੁਕਾਬਲਾ ਹੈ। ਪੁਰਾਣੀ ਪੰਚਾਇਤ ਵਿੱਚ ਆਪ, ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਵਿਚਕਾਰ ਤਿੰਨ-ਪੱਖੀ ਮੁਕਾਬਲਾ ਹੈ। ਕਲਾਨੌਰ ਵਿੱਚ ਕੁੱਲ 11 ਹਜ਼ਾਰ ਮਰਦ ਅਤੇ ਔਰਤ ਵੋਟਰ ਹਨ। ਪ੍ਰੋਜੈਕਟਿੰਗ ਅਫ਼ਸਰ ਲਕਸ਼ਮਣ ਸਿੰਘ ਨੇ ਦੱਸਿਆ ਕਿ ਕਲਾਨੌਰ ਵਿੱਚ ਚਾਰ ਗ੍ਰਾਮ ਪੰਚਾਇਤਾਂ ਵਿੱਚ ਚੋਣਾਂ ਹੋ ਰਹੀਆਂ ਹਨ। ਦਸ ਬੂਥ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਲੱਗਭੱਗ 40 ਟੀਚਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੋਲਿੰਗ ਪਾਰਟੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਤੋਂ ਸਾਮਾਨ ਪ੍ਰਦਾਨ ਕੀਤਾ ਗਿਆ ਹੈ ਅਤੇ ਕਲਾਨੌਰ ਬੂਥਾਂ ਤੇ ਭੇਜੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ, ਜਿਸਦੀ ਗਿਣਤੀ ਇੱਕ ਘੰਟੇ ਬਾਅਦ ਸ਼ੁਰੂ ਹੋਵੇਗੀ। ਇਸ ਦੌਰਾਨ ਐੱਸਪੀ ਗੁਰਵਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਦੱਸ ਬੂਥਾਂ ਤੇ ਲਗਭਗ 170 ਪੁਲਿਸ ਕਰਮਚਾਰੀ, ਚਾਰ ਡੀਐੱਸਪੀ ਅਤੇ ਦੋ ਐੱਸਪੀ ਤਾਇਨਾਤ ਕੀਤੇ ਜਾਣਗੇ। ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।