ਸਿਵਲ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜ਼ਿਕਰਯੋਗ ਹੈ ਕਿ ਸਮਾਈਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ।

ਜਾਗਰਣ ਸੰਵਾਦਦਾਤਾ, ਗੁਰਦਾਸਪੁਰ। ਧਾਰੀਵਾਲ ਦੇ ਸ਼ਾਹ ਪੰਪ ਨੇੜੇ ਰਹਿਣ ਵਾਲੇ ਇੱਕ ਮਜ਼ਦੂਰ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਅਵਾਰਾ ਕੁੱਤਿਆਂ ਦੇ ਹਮਲੇ ਵਿੱਚ ਉਨ੍ਹਾਂ ਦੇ ਦੋ ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸਮਾਈਲ (2) ਪੁੱਤਰ ਇੰਦਰਾਸ ਵਜੋਂ ਹੋਈ ਹੈ। ਬੱਚਾ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਅਤੇ ਉਸਦੀ ਮਾਂ ਅੰਦਰ ਚਾਹ ਬਣਾ ਰਹੀ ਸੀ। ਇਸ ਦੌਰਾਨ ਗਲੀ ਵਿੱਚ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਗੇਟ ਦੇ ਅੰਦਰੋਂ ਹੀ ਬੱਚੇ ਨੂੰ ਦਬੋਚ ਲਿਆ ਅਤੇ ਉਸਨੂੰ ਘਸੀਟਦੇ ਹੋਏ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਕੁੱਤਿਆਂ ਨੂੰ ਭਜਾ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਇਲਾਕਾ ਨਿਵਾਸੀ ਬਲਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀ ਅਤੇ ਉਸਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ। ਉਸਨੂੰ ਇਲਾਜ ਲਈ ਧਾਰੀਵਾਲ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜ਼ਿਕਰਯੋਗ ਹੈ ਕਿ ਸਮਾਈਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕੁੱਤਿਆਂ ਦੇ ਹਮਲੇ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਨੂੰ ਫੜ ਕੇ ਉਨ੍ਹਾਂ 'ਤੇ ਸਖ਼ਤ ਕਾਬੂ ਪਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਪਰਿਵਾਰ ਨੂੰ ਅਜਿਹੀ ਦਰਦਨਾਕ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।