ਬਟਾਲਾ ਨੇੜੇ ਓਵਰਲੋਡ ਟਿੱਪਰ ਨੇ ਦੋ ਔਰਤਾਂ ਨੂੰ ਕੁਚਲਿਆ
ਬਟਾਲਾ ਨੇੜੇ ਓਵਰਲੋਡ ਟਿੱਪਰ ਨੇ ਦੋ ਔਰਤਾਂ ਨੂੰ ਕੁਚਲਿਆ
Publish Date: Fri, 05 Dec 2025 05:47 PM (IST)
Updated Date: Fri, 05 Dec 2025 05:51 PM (IST)
-ਚਾਲਕ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਦਿੱਤਾ ਧਰਨਾ
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਸ਼ੁੱਕਰਵਾਰ ਨੂੰ ਬਟਾਲਾ ਨਜ਼ਦੀਕੀ ਅੱਡਾ ਅੰਮੋਨੰਗਲ ਦੇ ਨਹਿਰ ਪੁਲ ਦੇ ਨਜ਼ਦੀਕ ਇੱਕ ਓਵਰਲੋਡ ਟਿੱਪਰ ਨੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਮੋਟਰਸਾਈਕਲ ਪਿੱਛੇ ਬੈਠੀਆਂ ਦੋ ਔਰਤਾਂ ਦੀ ਟਿੱਪਰ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਔਰਤਾਂ ਇੱਕ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਮਹਿਤਾ ਚੌਕ ਵੱਲ ਮੈਰਿਜ ਪੈਲਸ ’ਚ ਮਿਹਨਤ ਮਜ਼ਦੂਰੀ ਕਰਨ ਜਾ ਰਹੀਆਂ ਸਨ ਕਿ ਅੰਮੋਨੰਗਲ ਨਜ਼ਦੀਕ ਵੱਡਾ ਹਾਦਸਾ ਵਾਪਰ ਗਿਆ। ਟਿੱਪਰ ਚਾਲਕ ਘਟਨਾ ਤੋਂ ਬਾਅਦ ਫ਼ਰਾਰ ਹੋਣ ’ਚ ਸਫਲ ਹੋ ਗਿਆ। ਮ੍ਰਿਤਕਾਂ ਦੀ ਪਛਾਣ ਲਖਵਿੰਦਰ ਕੌਰ (45) ਪਤਨੀ ਮਨਜੀਤ ਸਿੰਘ ਤੇ ਕਰਮਜੀਤ ਕੌਰ (40) ਪਤਨੀ ਅਮਰਜੀਤ ਸਿੰਘ ਵਾਸੀਆਨ ਕੋਟਲਾ ਬੱਝਾ ਸਿੰਘ ਵੱਜੋਂ ਹੋਈ ਹੈ। ਹਾਦਸੇ ਤੋਂ ਬਾਅਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਟਿੱਪਰ ਚਾਲਕ ਦੀ ਗ੍ਰਿਫ਼ਤਾਰੀ ਲਈ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਬਟਾਲਾ ਜਲੰਧਰ ਰੋਡ ’ਤੇ ਧਰਨਾ ਲਗਾ ਕੇ ਰਸਤਾ ਜਾਮ ਕਰ ਦਿੱਤਾ।
ਘਟਨਾ ਸਬੰਧੀ ਮਨਜੀਤ ਸਿੰਘ ਵਾਸੀ ਕੋਟਲਾ ਬੱਝਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਲਖਵਿੰਦਰ ਕੌਰ ਤੇ ਆਪਣੇ ਪਿੰਡ ਦੀ ਹੀ ਕਰਮਜੀਤ ਕੌਰ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਮਜ਼ਦੂਰੀ ਲਈ ਮਹਿਤਾ ਚੌਕ ਵੱਲ ਜਾ ਰਹੇ ਸੀ। ਜਦੋਂ ਉਹ ਅੰਮੋਨੰਗਲ ਦੇ ਨਹਿਰੀ ਪੁਲ਼ ਦੇ ਨਜ਼ਦੀਕ ਪੁੱਜੇ ਤਾਂ ਪਿੱਛਿਓਂ ਬਟਾਲੇ ਵਾਲੇ ਪਾਸਿਓਂ ਆਏ ਇੱਕ ਓਵਰਲੋਡ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਲਖਵਿੰਦਰ ਕੌਰ ਤੇ ਕਰਮਜੀਤ ਕੌਰ ਟਿੱਪਰ ਦੇ ਟਾਇਰਾਂ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲੀਆਂ ਗਈਆਂ, ਜਦਕਿ ਉਹ ਇੱਕ ਪਾਸੇ ਡਿੱਗ ਪਿਆ ਤੇ ਉਸ ਨੂੰ ਮਮੂਲੀ ਸੱਟਾਂ ਲੱਗੀਆਂ।