ਕੁਦਰਤ ਦੀ ਮਾਰ: ਮੀਂਹ ਕਾਰਨ ਰਾਵੀ ਦਰਿਆ 'ਚ ਵਧਿਆ ਪਾਣੀ, ਮਕੌੜਾ ਪੱਤਣ ਦਾ ਅਸਥਾਈ ਪੁਲ ਰੁੜ੍ਹਿਆ; ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਿਆ
ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਤੱਕ ਜਾਰੀ ਰਹੀ ਬਾਰਿਸ਼ ਕਾਰਨ ਰਾਵੀ ਦਰਿਆ ਮਕੌੜਾ ਪੱਤਣ 'ਤੇ ਬਣੇ ਅਸਥਾਈ ਪੁਲ ਦਾ ਇਕ ਹਿੱਸਾ ਰੁੜ੍ਹ ਗਿਆ। ਇਸ ਨਾਲ ਇਕ ਵਾਰ ਫਿਰ ਦਰਿਆ ਦੇ ਪਾਰ ਸੱਤ ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਹਾਲਾਂਕਿ ਬੀਐੱਸਐੱਫ ਦੇ ਜਵਾਨ ਪੁਲ ਪਾਰ ਕਰਨ ਵਿਚ ਪਿੰਡ ਵਾਸੀਆਂ ਦੀ ਮਦਦ ਕਰ ਰਹੇ ਹਨ।
Publish Date: Sun, 25 Jan 2026 10:24 AM (IST)
Updated Date: Sun, 25 Jan 2026 10:26 AM (IST)

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਤੱਕ ਜਾਰੀ ਰਹੀ ਬਾਰਿਸ਼ ਕਾਰਨ ਰਾਵੀ ਦਰਿਆ ਮਕੌੜਾ ਪੱਤਣ 'ਤੇ ਬਣੇ ਅਸਥਾਈ ਪੁਲ ਦਾ ਇਕ ਹਿੱਸਾ ਰੁੜ੍ਹ ਗਿਆ। ਇਸ ਨਾਲ ਇਕ ਵਾਰ ਫਿਰ ਦਰਿਆ ਦੇ ਪਾਰ ਸੱਤ ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਹਾਲਾਂਕਿ ਬੀਐੱਸਐੱਫ ਦੇ ਜਵਾਨ ਪੁਲ ਪਾਰ ਕਰਨ ਵਿਚ ਪਿੰਡ ਵਾਸੀਆਂ ਦੀ ਮਦਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮੀਂਹ ਕਾਰਨ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵਧ ਗਿਆ ਹੈ। ਮਕੌੜਾ ਪੱਤਣ 'ਤੇ ਬਣੇ ਅਸਥਾਈ ਪੁਲ ਦੇ ਇਕ ਹਿੱਸੇ ਦੇ ਵਹਿ ਜਾਣ ਕਾਰਨ ਦਰਿਆ ਪਾਰ ਦੇ ਸੱਤ ਪਿੰਡਾਂ ਭਰਿਆਲ, ਤੂਰ, ਮਾਮੀ ਚੱਕਰੰਗਾ, ਚੇਬੇ, ਲਾਸਿਆਣ, ਕਜਲੇ ਅਤੇ ਕੁਕਰ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦੱਸ ਦਈਏ ਕਿ ਕਿ ਮਕੌੜਾ ਪੱਤਣ 'ਤੇ ਪੁਲ ਨਿਰਮਾਣ ਲਈ 100 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਪਰ ਜ਼ਮੀਨ ਐਕਵਾਇਰ ਨਾ ਹੋਣ ਕਾਰਨ ਉਸਾਰੀ ਦਾ ਕੰਮ ਰੁਕਿਆ ਹੋਇਆ ਹੈ।
ਪੱਕਾ ਪੁਲ ਬਣਾਉਣ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ
ਇਨ੍ਹਾਂ ਪਿੰਡਾਂ ਦੇ ਲੋਕ ਲੰਬੇ ਸਮੇਂ ਤੋਂ ਸਥਾਈ ਪੁਲ ਦੀ ਮੰਗ ਕਰ ਰਹੇ ਹਨ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਰਾਵੀ ਦਰਿਆ ਦੇ ਪਾਰ ਰਹਿਣ ਵਾਲੇ ਵਰਿੰਦਰ ਸਿੰਘ, ਸੱਜਣ ਸਿੰਘ, ਗੁਰਦਿਆਲ ਸਿੰਘ, ਬਲਜਿੰਦਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਸਥਾਈ ਪੁਲ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਲੋਕਾਂ ਨੂੰ ਭਰੋਸਾ ਤੋਂ ਇਲਾਵਾ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਸਿਆਸਤਦਾਨ ਪੁਲ ਬਣਾਉਣ ਬਾਰੇ ਕਈ ਵਾਅਦੇ ਕਰਦੇ ਹਨ ਪਰ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਵਾਅਦੇ ਅਧੂਰੇ ਰਹਿ ਜਾਂਦੇ ਹਨ।
ਮਾਨਸੂਨ ਦੌਰਾਨ ਕਿਸ਼ਤੀਆਂ ਦਾ ਹੁੰਦਾ ਹੈ ਇਕਮਾਤਰ ਸਹਾਰਾ : ਹਰ ਸਾਲ ਲੋਕਾਂ ਲਈ ਦਰਿਆ ਪਾਰ ਕਰਨ ਲਈ ਅਸਥਾਈ ਪੁਲ ਬਣਾਇਆ ਜਾਂਦਾ ਹੈ। ਹਾਲਾਂਕਿ ਜਦੋਂ ਗਰਮੀਆਂ ਦੇ ਮੌਸਮ ਵਿਚ ਮਾਨਸੂਨ ਸ਼ੁਰੂ ਹੁੰਦਾ ਹੈ ਤਾਂ ਇਸ ਪੁਲ ਨੂੰ ਹਟਾ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਕੋਲ ਯਾਤਰਾ ਕਰਨ ਲਈ ਸਿਰਫ਼ ਕਿਸ਼ਤੀ ਹੀ ਇਕਮਾਤਰ ਸਹਾਰਾ ਰਹਿ ਜਾਂਦੀ ਹੈ। ਜਦੋਂ ਦਰਿਆ ਦੇ ਪਾਣੀ ਦਾ ਪੱਧਰ ਹੋਰ ਵੱਧ ਜਾਂਦਾ ਹੈ ਤਾਂ ਕਿਸ਼ਤੀ ਵੀ ਬੰਦ ਕਰ ਦਿੱਤੀ ਜਾਂਦੀ ਹੈ। ਜਿਸ ਕਾਰਨ ਇੰਨਾਂ ਪਿੰਡਾਂ ਦੇ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ।