ਕਾਸ਼ਤਕਾਰਾਂ ਨੇ ਦੱਸਿਆ ਕਿ ਇਸ ਵੇਲੇ ਸਰ੍ਹੋਂ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਜੇ ਤਿੱਖੀ ਧੁੱਪ ਲੱਗਦੀ ਹੈ ਤਾਂ ਵੀ ਸਰ੍ਹੋਂ ਦੀਆਂ ਫਲੀਆਂ ਖਿੜਣ ਕਰ ਕੇ ਸਰ੍ਹੋਂ ਦੇ ਦਾਣੇ ਕਿਰ ਸਕਦੇ ਹਨ। ਜੇਕਰ ਤੇਜ਼ ਹਨੇਰੀ ਜਾਂ ਗੜ੍ਹੇਮਾਰੀ ਹੁੰਦੀ ਹੈ ਤਾਂ ਵੀ ਉਹਨਾਂ ਦੀ ਪੱਕ ਕੇ ਤਿਆਰ ਹੋ ਚੁੱਕੀ ਸਰ੍ਹੋਂ ਦੀ ਫ਼ਸਲ ਨੁਕਸਾਨੀ ਜਾ ਸਕਦੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਪਿਛਲੇ ਦਿਨਾਂ ਦੌਰਾਨ ਆਏ ਮੀਂਹ ਅਤੇ ਹਨੇਰੀ ਕਾਰਨ ਜਿੱਥੇ ਲੰਮੀ ਪਈ ਕਣਕ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਦੀ ਚਿੰਤਾ ਕਿਸਾਨਾਂ ਨੂੰ ਸਤਾ ਰਹੀ ਹੈ, ਉਥੇ ਖੇਤਾਂ ਵਿੱਚ ਪੱਕ ਕੇ ਤਿਆਰ ਹੋ ਚੁੱਕੀ ਸਰ੍ਹੋਂ ਦੀ ਫ਼ਸਲ ਦੇ ਕਾਸ਼ਤਕਾਰ ਮੌਸਮ ਖਰਾਬ ਹੋਣ ਦੇ ਡਰੋਂ ਸਰ੍ਹੋਂ ਦੀ ਕਟਾਈ ਨੂੰ ਲੈ ਕੇ ਚਿੰਤਾ ’ਚ ਡੁੱਬੇ ਹੋਏ ਹਨ। ਸਰ੍ਹੋਂ ਦੇ ਕਾਸ਼ਤਕਾਰ ਗੁਰਬਚਨ ਸਿੰਘ, ਰਾਮ ਸਿੰਘ, ਤਰਸੇਮ ਸਿੰਘ ਫੌਜੀ, ਬਲਵਿੰਦਰ ਸਿੰਘ, ਰਣਜੋਧ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਨਾਲ ਸਬੰਧਤ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਘਰ ਦਾ ਤੇਲ ਬਣਾਉਣ ਅਤੇ ਸਰ੍ਹੋਂ ਵੇਚਣ ਲਈ ਸਰ੍ਹੋਂ ਦੀ ਫ਼ਸਲ ਦੀ ਬਿਜਾਈ ਕੀਤੀ ਹੋਈ ਹੈ। ਇਸ ਵਾਰ ਸਰ੍ਹੋਂ ਦੀ ਫ਼ਸਲ ਦਾ ਚੋਖਾ ਝਾੜ ਨਿਕਲਣ ਦੀਆਂ ਉਮੀਦਾਂ ਹਨ ਪਰ ਇੱਕ-ਦੋ ਦਿਨ ਪਹਿਲਾਂ ਹੋਈ ਕਿਣਮਿਣ ਅਤੇ ਅਸਮਾਨੀਂ ਛਾਏ ਬੱਦਲਾਂ ਕਾਰਨ ਸਰ੍ਹੋਂ ਦੇ ਕਾਸ਼ਤਕਾਰ ਵੱਡੀ ਚਿੰਤਾ ਵਿੱਚ ਡੁੱਬੇ ਹੋਏ ਹਨ।
ਕਾਸ਼ਤਕਾਰਾਂ ਨੇ ਦੱਸਿਆ ਕਿ ਇਸ ਵੇਲੇ ਸਰ੍ਹੋਂ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਜੇ ਤਿੱਖੀ ਧੁੱਪ ਲੱਗਦੀ ਹੈ ਤਾਂ ਵੀ ਸਰ੍ਹੋਂ ਦੀਆਂ ਫਲੀਆਂ ਖਿੜਣ ਕਰ ਕੇ ਸਰ੍ਹੋਂ ਦੇ ਦਾਣੇ ਕਿਰ ਸਕਦੇ ਹਨ। ਜੇਕਰ ਤੇਜ਼ ਹਨੇਰੀ ਜਾਂ ਗੜ੍ਹੇਮਾਰੀ ਹੁੰਦੀ ਹੈ ਤਾਂ ਵੀ ਉਹਨਾਂ ਦੀ ਪੱਕ ਕੇ ਤਿਆਰ ਹੋ ਚੁੱਕੀ ਸਰ੍ਹੋਂ ਦੀ ਫ਼ਸਲ ਨੁਕਸਾਨੀ ਜਾ ਸਕਦੀ ਹੈ। ਕਾਸ਼ਤਕਾਰਾਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਜ਼ਿਆਦਾ ਰਕਬੇ ਵਿੱਚ ਸਰ੍ਹੋਂ ਦੀ ਕਾਸ਼ਤ ਕੀਤੀ ਹੋਈ ਹੈ ਉਨ੍ਹਾਂ ਵੱਲੋਂ ਸਰ੍ਹੋਂ ਦੀ ਕਟਾਈ ਕਰ ਕੇ ਹਰੰਬੇ ਵਾਲੀਆਂ ਮਸ਼ੀਨਾਂ ਨਾਲ ਸਰ੍ਹੋਂ ਨੂੰ ਕੱਢ ਕੇ ਆਪਣੇ ਸ਼ੈੱਡ ਵਿੱਚ ਸੁੱਕਣ ਲਈ ਖਿਲਾਰ ਦਿੱਤਾ ਹੈ ਜਦਕਿ ਛੋਟੇ ਕਾਸ਼ਤਕਾਰ ਬੱਦਲਾਂ ਦੇ ਡਰ ਕਾਰਨ ਕਟਾਈ ਨਹੀਂ ਕਰ ਰਹੇ।
ਗੁਰਚਰਨ ਸਿੰਘ ਨਿੱਜਰ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਆਪਣੀ ਘਰੇਲੂ ਵਰਤੋਂ ਅਤੇ ਰਿਸ਼ਤੇਦਾਰਾਂ ਨੂੰ ਘਰ ਦਾ ਤੇਲ ਬਣਾਉਣ ਲਈ ਆਪਣੇ ਖੇਤਾਂ ਵਿੱਚ ਸਰ੍ਹੋਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਸਮੇਂ ਸਰ੍ਹੋਂ ਪੱਕ ਕੇ ਤਿਆਰ ਹੋ ਚੁੱਕੀ ਹੈ, ਜੇਕਰ ਮੌਸਮ ਠੀਕ ਰਿਹਾ ਤਾਂ ਮੰਗਲਵਾਰ ਨੂੰ ਸਰ੍ਹੋਂ ਦੀ ਕਟਾਈ ਸ਼ੁਰੂ ਕਰ ਦਿੱਤੀ ਜਾਵੇਗੀ। ਸਰ੍ਹੋਂ ਦੀ ਕਟਾਈ ਲਈ ਮਜ਼ਦੂਰਾਂ ਦੀ ਵੀ ਘਾਟ ਪਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹਰੰਬੇ ਨਾਲ ਸਰ੍ਹੋਂ ਦੀ ਕਢਾਈ ਲਈ ਪ੍ਰਤੀ ਏਕੜ 6 ਹਜ਼ਾਰ ਅਤੇ ਪ੍ਰਤੀ ਕਨਾਲ ਇੱਕ ਹਜ਼ਾਰ ਰੁਪਏ ਦੇ ਹਿਸਾਬ ਨਾਲ ਸਰ੍ਹੋਂ ਦੀ ਕਟਾਈ ਤੋਂ ਬਾਅਦ ਮਸ਼ੀਨ ਨਾਲ ਸਰ੍ਹੋਂ ਕੱਢਣ ਦੀ ਮਜ਼ਦੂਰੀ ਦਿੱਤੀ ਜਾ ਰਹੀ ਹੈ।
ਜ਼ਿਲ੍ਹੇ ’ਚ 9500 ਏਕੜ ਸਰ੍ਹੋਂ ਦੀ ਕਾਸ਼ਤ ਕੀਤੀ ਗਈ : ਜ਼ਿਲ੍ਹਾ ਖੇਤੀਬਾੜੀ ਅਫਸਰ
ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਠਾਕੁਰ ਰਣਧੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ 9500 ਏਕੜ ਵਿੱਚ ਸਰ੍ਹੋਂ ਦੀ ਕਾਸ਼ਤ ਕੀਤੀ ਗਈ ਹੈ। ਇਸ ਵਾਰ ਸਰ੍ਹੋਂ ਦਾ ਝਾੜ ਵਧੇਰੇ ਨਿਕਲਣ ਦੀਆਂ ਉਮੀਦਾਂ ਹਨ। ਉਹਨਾਂ ਕਿਹਾ ਕਿ ਸਰ੍ਹੋਂ ਦੀ ਬਿਜਾਈ ਘੱਟ ਖਰਚ ਕਰ ਕੇ ਵੱਧ ਮੁਨਾਫਾ ਪ੍ਰਾਪਤ ਕੀਤਾ ਜਾ ਸਕਦਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ੁੱਧ ਤੇਲ ਖਾਣ ਲਈ ਆਪਣੇ ਖੇਤਾਂ ਵਿਚ ਸਰ੍ਹੋਂ ਦੀ ਬਿਜਾਈ ਕਰਨ। ਉਹਨਾਂ ਕਿਹਾ ਕਿ ਸਰ੍ਹੋਂ ਦੀ ਬਿਜਾਈ ਨਾਲ ਜਿੱਥੇ ਸਿਹਤ ਨਰੋਈ ਹੋਵੇਗੀ ਉੱਥੇ ਆਮਦਨ ਵਿੱਚ ਵੀ ਵਾਧਾ ਹੋਵੇਗਾ।