ਨਗਰ ਕੌਂਸਲ ਕਾਦੀਆਂ ਵੱਲੋਂ ਬਣਾਏ ਕੂੜੇ ਦੇ ਡੰਪ ਨੂੰ ਸ਼ਰਾਰਤੀ ਅਨਸਰਾਂ ਨੇ ਲਗਾਈ ਅੱਗ
ਨਗਰ ਕੌਂਸਲ ਕਾਦੀਆਂ ਵੱਲੋਂ ਬਣਾਏ ਕੂੜੇ ਦੇ ਡੰਪ ਨੂੰ ਸ਼ਰਾਰਤੀ ਅਨਸਰਾਂ ਨੇ ਲਗਾਈ ਅੱਗ
Publish Date: Sun, 23 Nov 2025 04:39 PM (IST)
Updated Date: Sun, 23 Nov 2025 04:40 PM (IST)

ਸਥਾਨਕ ਦੁਕਾਨਦਾਰਾਂ ਅਤੇ ਲੋਕਾਂ ਨੇ ਪ੍ਰੇਸ਼ਾਨ ਹੋ ਕੇ ਨਗਰ ਕੌਂਸਲ ਕਾਦੀਆਂ ਦੇ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ ਤਾਰਿਕ ਅਹਿਮਦ, ਪੰਜਾਬੀ ਜਾਗਰਣ ਕਾਦੀਆਂ : ਨਗਰ ਕੌਂਸਲ ਕਾਦੀਆਂ ਵੱਲੋਂ ਸਬਜ਼ੀ ਮੰਡੀ ਦੇ ਕੋਲ ਬਣਾਏ ਗਏ ਕੂੜੇ ਦੇ ਡੰਪ ਨੂੰ ਸ਼ਰਾਰਤੀ ਅੰਸਰਾਂ ਵੱਲੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਈ ਜਾ ਰਹੀ ਅੱਗ ਦੇ ਧੂਏ ਦੇ ਕਾਰਨ ਪਰੇਸ਼ਾਨ ਸਥਾਨਕ ਲੋਕਾਂ ਦੁਕਾਨਦਾਰਾਂ ਦੇ ਵੱਲੋਂ ਨਗਰ ਕੌਂਸਲ ਕਾਦੀਆਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਧਰਨਾ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਸਥਾਨਕ ਦੁਕਾਨਦਾਰਾਂ ਅਤੇ ਆਗੂਆਂ ਨੇ ਦੱਸਿਆ ਕਿ ਨਗਰ ਕੌਂਸਲ ਕਾਦੀਆਂ ਵੱਲੋਂ ਸਬਜ਼ੀ ਮੰਡੀ ਦੇ ਨਜ਼ਦੀਕ ਬਣਾਏ ਗਏ ਕੂੜੇ ਦੇ ਡੰਪ ਨੂੰ ਪਿਛਲੇ ਦੋ ਤੋਂ ਤਿੰਨ ਦਿਨਾਂ ਵਿੱਚ ਸ਼ਰਾਰਤੀ ਅੰਸਰਾਂ ਵੱਲੋਂ ਅੱਗ ਲਗਾਈ ਜਾ ਰਹੀ ਹੈ, ਜਿਸ ਕਾਰਨ ਅੱਗ ਤੋਂ ਉੱਠਣ ਵਾਲਾ ਭਿਆਨਕ ਬਦਬੂਦਾਰ ਧੂੰਆਂ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਅਤੇ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਉਹਨਾਂ ਦੱਸਿਆ ਕਿ ਇਸ ਧੂੰਏ ਦੇ ਕਾਰਨ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਲੋਕਾਂ ਦਾ ਜਾਨੀ ਨੁਕਸਾਨ ਹੋ ਸਕਦਾ, ਪਰ ਨਗਰ ਕੌਂਸਲ ਕਾਦੀਆਂ ਦੇ ਵੱਲੋਂ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਥੇ ਦੱਸ ਦਈਏ ਕਿ ਨਗਰ ਕੌਂਸਲ ਕਾਦੀਆਂ ਵੱਲੋਂ ਲਗਾਤਾਰ ਦੋ ਤਿੰਨ ਦਿਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਦੇ ਨਾਲ ਅੱਗ ’ਤੇ ਕਾਬੂ ਪਾਇਆ ਜਾ ਰਿਹਾ, ਪਰ ਰੋਜ਼ਾਨਾ ਹੀ ਕੋਈ ਸ਼ਰਾਰਤੀ ਅਨਸਰ ਅੱਗ ਲਗਾ ਕੇ ਚਲਿਆ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇੱਥੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾਵੇ ਅਤੇ ਅੱਗ ਲਗਾਉਣ ਵਾਲੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਧਰਨਾ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਕੂੜੇ ਦੇ ਡੰਪ ਨੂੰ ਇੱਥੋਂ ਚੁਕਵਾਇਆ ਜਾਵੇ ਤਾਂ ਜੋ ਆਉਣ ਵਾਲੇ ਸਮਿਆਂ ਵਿੱਚ ਕੋਈ ਵੀ ਅਜਿਹਾ ਹਾਦਸਾ ਨਾ ਵਾਪਰ ਸਕੇ, ਜਿਸ ਕਾਰਨ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕੇ।