ਪਿਛਲੇ ਸਮੇਂ ’ਚ ਜ਼ਿਆਦਾਤਰ ਕਿਸਾਨਾਂ ਵੱਲੋਂ ਪਸ਼ੂਆਂ ਦਾ ਗੋਬਰ ਆਪਣੇ ਘਰਾਂ ਦੇ ਪਸ਼ੂਆਂ ਤੋਂ ਪ੍ਰਾਪਤ ਕਰ ਕੇ ਖੇਤਾਂ ’ਚ ਪਾਇਆ ਜਾਂਦਾ ਸੀ ਪਰ ਇਸ ਸਮੇਂ ਪਸ਼ੂਆਂ ਦੀ ਘਾਟ ਕਾਰਨ ਘਰ ਦੀ ਦੇਸੀ ਰੂੜੀ ਤਿਆਰ ਨਾ ਹੋਣ ਕਰ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਮਜ਼ਬੂਰਨ ਮਹਿੰਗੇ ਭਾਅ ਦੀ ਰੂੜੀ ਖਰੀਦ ਕੇ ਖੇਤਾਂ ’ਚ ਪਾਈ ਜਾ ਰਹੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਕਿਸਾਨਾਂ ਵੱਲੋਂ ਫ਼ਸਲਾਂ ਦਾ ਵਧੇਰੇ ਝਾੜ ਲੈਣ ਦੀ ਦੌੜ ’ਚ ਜਿੱਥੇ ਖੇਤਾਂ ’ਚ ਅੰਨ੍ਹੇਵਾਹ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਉੱਥੇ ਇਸ ਵਾਰ ਡਾਇਆ ਖਾਦ ਦਾ ਰੇਟ ਅਸਮਾਨੀ ਚੜ੍ਹਨ ਕਾਰਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਕਿਸਾਨਾਂ ’ਚ ਦੇਸੀ ਰੂੜੀ ਪਾਉਣ ਦਾ ਰੁਝਾਨ ਵਧਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸਰਬਜੀਤ ਸਿੰਘ ਢਿੱਲੋਂ, ਰਣਦੀਪ ਸਿੰਘ, ਲਖਵਿੰਦਰ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ, ਪ੍ਰਿਤਪਾਲ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੂੜੀ ਖੇਤਾਂ ’ਚ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁੱਜਰ ਭਾਈਚਾਰੇ ਤੇ ਡੇਅਰੀ ਮਾਲਕਾਂ ਵੱਲੋਂ 1200 ਤੋਂ ਲੈ ਕੇ 1500 ਰੁਪਏ ਤੱਕ ਪ੍ਰਤੀ ਟਰਾਲੀ ਰੂੜੀ ਵੇਚੀ ਜਾ ਰਹੀ ਹੈ। ਜਦੋਂ ਕਿ ਟਰਾਲੀ ਦਾ ਲੋਕਲ ਕਿਰਾਇਆ 500 ਰੁਪਏ ਪ੍ਰਤੀ ਟਰਾਲੀ ਅਤੇ 800 ਰੁਪਏ ਲੇਬਰ ਸਣੇ 1300 ਰੁਪਏ ਪ੍ਰਤੀ ਟਰਾਲੀ ਖ਼ਰਚ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਕ ਟਰਾਲੀ ਗੋਬਰ ਦੀ ਮੁੱਲ ਖਰੀਦਣੀ ਪਵੇ ਤਾਂ 2800 ਤੋਂ 3 ਹਜ਼ਾਰ ਖ਼ਰਚ ਆਉਂਦਾ ਹੈ। ਇਕ ਏਕੜ ’ਚ ਪ੍ਰਤੀ ਕਨਾਲ ਦੇ ਹਿਸਾਬ ਨਾਲ 8 ਟਰਾਲੀਆਂ ਰੂੜੀ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ’ਚ ਜ਼ਿਆਦਾਤਰ ਕਿਸਾਨਾਂ ਵੱਲੋਂ ਪਸ਼ੂਆਂ ਦਾ ਗੋਬਰ ਆਪਣੇ ਘਰਾਂ ਦੇ ਪਸ਼ੂਆਂ ਤੋਂ ਪ੍ਰਾਪਤ ਕਰ ਕੇ ਖੇਤਾਂ ’ਚ ਪਾਇਆ ਜਾਂਦਾ ਸੀ ਪਰ ਇਸ ਸਮੇਂ ਪਸ਼ੂਆਂ ਦੀ ਘਾਟ ਕਾਰਨ ਘਰ ਦੀ ਦੇਸੀ ਰੂੜੀ ਤਿਆਰ ਨਾ ਹੋਣ ਕਰ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਮਜ਼ਬੂਰਨ ਮਹਿੰਗੇ ਭਾਅ ਦੀ ਰੂੜੀ ਖਰੀਦ ਕੇ ਖੇਤਾਂ ’ਚ ਪਾਈ ਜਾ ਰਹੀ ਹੈ।
ਕਿਸਾਨ ਮਨਦੀਪ ਸਿੰਘ ਪੰਨੂ ਨੇ ਦੱਸਿਆ ਕਿ ਖੇਤਾਂ ਦੀ ਸਿਹਤ ਨੂੰ ਤੰਦਰੁਸਤ ਕਰਨ ਲਈ ਉਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਖੇਤਾਂ ’ਚ ਹਰ ਸਾਲ ਗੁੱਜਰ ਭਾਈਚਾਰੇ ਦੇ ਪਸ਼ੂਆਂ ਨੂੰ ਪੱਕੇ ਤੌਰ ’ਤੇ ਰੱਖਿਆ ਹੋਇਆ ਹੈ ਤਾਂ ਜੋ ਉਹਨਾਂ ਦਾ ਗੋਬਰ ਪ੍ਰਾਪਤ ਕਰਕੇ ਖੇਤਾਂ ’ਚ ਪਾਇਆ ਜਾ ਸਕੇ।
ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਬਿਜਾਈ ਦੌਰਾਨ ਡਾਇਆ ਖਾਦ ਦੀ ਕਿਲਤ ਹੋਣ ਕਾਰਨ ਉਨ੍ਹਾਂ ਨੂੰ ਡਾਇਆ ਖਾਦ ਸਰਕਾਰੀ ਰੇਟ ਤੋਂ ਵੱਧ ਪੈਸੇ ਦੇ ਕੇ ਖੇਤਾਂ ’ਚ ਡਾਇਆ ਖਾਦ ਪਾਈ ਗਈ ਸੀ ਜਦਕਿ ਇਸ ਵਾਰ ਉਨ੍ਹਾਂ ਵੱਲੋਂ ਦੇਸੀ ਰੂੜੀ ਖੇਤਾਂ ਵਿਚ ਪਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਦੇਸੀ ਰੂੜੀ ਗੁਣਾਂ ਦਾ ਖਜ਼ਾਨਾ : ਡਾ ਰਣਧੀਰ ਸਿੰਘ
ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਨੇ ਕਿਹਾ ਕਿ ਦੇਸੀ ਰੂੜੀ ਜ਼ਮੀਨ ਲਈ ਗੁਣਾਂ ਦਾ ਖ਼ਜ਼ਾਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਖੇਤਾਂ ’ਚ ਵੱਧ ਝਾੜ ਲੈਣ ਦੀ ਦੌੜ ’ਚ ਅੰਨ੍ਹੇਵਾਹ ਪਾਈਆਂ ਗਈਆਂ ਰਸਾਇਣਕ ਖਾਦਾਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਜਦ ਕਿ ਦੇਸੀ ਰੂੜੀ ਪਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ ’ਚ ਹਰੀ ਰੂੜੀ ਤਿਆਰ ਕਰਨ ਲਈ 1240 ਕੁਇੰਟਲ ਜੰਤਰ ਦਾ ਬੀਜ ਮੁਫ਼ਤ ’ਚ ਵੰਡਿਆ ਗਿਆ ਹੈ ਤਾਂ ਜੋ ਜੰਤਰ ਨੂੰ ਖੇਤਾਂ ’ਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਖੇਤਾਂ ’ਚ ਪਾਈ ਜਾ ਰਹੀ ਰੂੜੀ ’ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਜ਼, ਜ਼ਿੰਕ, ਫੇਰਸਮੈਟ, ਕਾਪਰ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਆਦਿ ਵਰਗੇ ਭਰਪੂਰ ਤੱਤ ਮਿਲਦੇ ਹਨ। ਇਸ ਤੋਂ ਇਲਾਵਾ ਦੇਸੀ ਰੂੜੀ ਪਾਣੀ ਸੰਭਾਲਣ ਦੀ ਸਮਰੱਥਾ ਵਧਾਉਂਦੀ ਹੈ ਅਤੇ ਜ਼ਮੀਨ ਸਿਹਤਮੰਦ ਹੋਣ ਕਾਰਨ ਪੈਦਾਵਾਰ ’ਚ ਚੋਖਾ ਵਾਧਾ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪ੍ਰਤੀ ਏਕੜ ’ਚ 12 ਟਨ ਰੂੜੀ ਪਾਉਣ ਤਾਂ ਜੋ ਜ਼ਮੀਨ ਨੂੰ ਸਾਰੇ ਖ਼ੁਰਾਕੀ ਤੱਤ ਪ੍ਰਾਪਤ ਹੋ ਸਕਣ।