ਇਹ ਘਟਨਾ ਪਿੰਡ ਭੋਮਾ ਤੋਂ ਪੇਰੋਸ਼ਾਹ ਰੋਡ 'ਤੇ ਹੋਈ। ਜੁਗਰਾਜ ਸਿੰਘ ਦੇ ਪਿਤਾ ਸਾਬੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਬੱਡੀ ਦਾ ਖਿਡਾਰੀ ਹੈ ਅਤੇ ਉਹ ਹਰ ਰੋਜ਼ ਸ਼ਾਮ ਨੂੰ ਸੈਰ ਕਰਨ ਲਈ ਪੇਰੋਸ਼ਾਹ ਰੋਡ 'ਤੇ ਜਾਂਦਾ ਸੀ। ਅੱਜ ਕਰੀਬ 8.30 ਵਜੇ ਉਹ ਘਰ ਤੋਂ ਸੈਰ ਕਰਨ ਲਈ ਨਿਕਲਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਪੁੱਤਰ ਜੁਗਰਾਜ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਹੈ।

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਘੁਮਾਣ ਦੇ ਪਿੰਡ ਭੋਮਾ ’ਚ ਸੋਮਵਾਰ ਰਾਤ ਕਰੀਬ 9 ਵਜੇ ਸੈਰ ਕਰ ਰਹੇ ਤਿੰਨ ਲੋਕਾਂ 'ਤੇ ਬਾਈਕ ਸਵਾਰ ਹਮਲਾਵਰਾਂ ਨੇ ਤਾਬੜਤੋੜ ਗੋਲ਼ੀਆਂ ਚਲਾਈਆਂ। ਇਸ ਗੋਲ਼ੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਮਰਨ ਵਾਲਿਆਂ ਦੀ ਪਛਾਣ ਕਸ਼ਮੀਰ ਸਿੰਘ (38) ਅਤੇ ਜੁਗਰਾਜ ਸਿੰਘ (20), ਨਿਵਾਸੀ ਪਿੰਡ ਭੋਮਾ ਵਜੋਂ ਹੋਈ ਹੈ, ਜਿਨ੍ਹਾਂ ਦੀ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਕ ਹੋਰ ਨੌਜਵਾਨ ਗੋਲ਼ੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਟਾਲਾ ਦੇ ਹਸਪਤਾਲ ਭੇਜਿਆ ਗਿਆ ਹੈ।
ਇਸ ਘਟਨਾ ਦੇ ਬਾਅਦ ਬਾਈਕ ਸਵਾਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸਐੱਸਪੀ ਡਾ. ਮਹਿਤਾਬ ਸਿੰਘ, ਡੀਐੱਸਪੀ ਅਤੇ ਥਾਣਾ ਘੁਮਾਣ ਦੇ ਐੱਸਐੱਚਓ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਪਿੰਡ ਭੋਮਾ ਤੋਂ ਪੇਰੋਸ਼ਾਹ ਰੋਡ 'ਤੇ ਹੋਈ। ਜੁਗਰਾਜ ਸਿੰਘ ਦੇ ਪਿਤਾ ਸਾਬੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਬੱਡੀ ਦਾ ਖਿਡਾਰੀ ਹੈ ਅਤੇ ਉਹ ਹਰ ਰੋਜ਼ ਸ਼ਾਮ ਨੂੰ ਸੈਰ ਕਰਨ ਲਈ ਪੇਰੋਸ਼ਾਹ ਰੋਡ 'ਤੇ ਜਾਂਦਾ ਸੀ। ਅੱਜ ਕਰੀਬ 8.30 ਵਜੇ ਉਹ ਘਰ ਤੋਂ ਸੈਰ ਕਰਨ ਲਈ ਨਿਕਲਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਪੁੱਤਰ ਜੁਗਰਾਜ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਹੈ।
ਜਦੋਂ ਉਹ ਮੌਕੇ 'ਤੇ ਪਹੁੰਚੇ, ਤਾਂ ਕਸ਼ਮੀਰ ਸਿੰਘ ਅਤੇ ਜੁਗਰਾਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ, ਜਦਕਿ ਉਨ੍ਹਾਂ ਦਾ ਇਕ ਸਾਥੀ, ਜਿਸ ਨੂੰ ਗੋਲ਼ੀ ਲੱਗੀ ਸੀ, ਉੱਥੋਂ ਭੱਜ ਕੇ ਆਪਣੀ ਜ਼ਿੰਦਗੀ ਬਚਾਉਣ ਵਿਚ ਸਫ਼ਲ ਹੋ ਗਿਆ। ਇਸ ਸਬੰਧ ਵਿਚ ਉਨ੍ਹਾਂ ਨੇ ਥਾਣਾ ਘੁਮਾਣ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਅਤੇ ਜ਼ਖ਼ਮੀ ਨੌਜਵਾਨ ਨੂੰ ਬਟਾਲਾ ਦੇ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ।
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਕੋਲ ਹੁਣ ਤੱਕ ਕੋਈ ਵੀ ਇਸ ਤਰ੍ਹਾਂ ਦਾ ਮਾਮਲਾ ਨਹੀਂ ਹੈ ਜਿਸ ਵਿਚ ਇਨ੍ਹਾਂ ਲੋਕਾਂ ਨੂੰ ਕੋਈ ਧਮਕੀ ਦੀ ਕਾਲ ਆਈ ਹੋਵੇ। ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਟੀਮਾਂ ਬਣਾਈਆਂ ਗਈਆਂ ਹਨ। ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ, ਤਾਂ ਜੋ ਗੋਲ਼ੀਆਂ ਚਲਾਉਣ ਵਾਲੇ ਨੌਜਵਾਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।