ਬਟਾਲਾ ਬੰਦ ਦੇ ਮੱਦੇਨਜ਼ਰ ਸ਼ਿਵ ਸੈਨਾ ਤੇ ਹਿੰਦੂ ਸੰਗਠਨਾਂ ਦੇ ਆਗੂ ਘਰਾਂ 'ਚ ਕੀਤੇ ਨਜ਼ਰਬੰਦ, ਬਟਾਲਾ ਬੰਦ ਨੂੰ ਮਿਲ ਰਿਹਾ ਰਲਵਾਂ ਮਿਲਵਾਂ ਹੁੰਗਾਰਾ
ਹਾਲਾਂਕਿ ਬਟਾਲਾ ਬੰਦ ਦੇ ਚਲਦਿਆਂ ਪ੍ਰਾਈਵੇਟ ਵਿਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਹਨ ਜਦ ਕਿ ਸਰਕਾਰੀ ਵਿਦਿਅਕ ਅਦਾਰੇ ਅਤੇ ਸਰਕਾਰੀ ਅਦਾਰੇ ਖੁੱਲ੍ਹੇ ਹੋਏ ਹਨ। ਉਧਰ ਐਸਡੀਐਮ ਬਟਾਲਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਬਟਾਲਾ ਦੇ ਬਾਜ਼ਾਰ ਖੁੱਲ੍ਹੇ ਹੋਏ ਹਨ ਅਤੇ ਸਬਜ਼ੀ ਮੰਡੀ ਤੇ ਹੋਰ ਸਰਕਾਰੀ ਅਦਾਰੇ ਆਮ ਵਾਂਗ ਖੁੱਲ੍ਹੇ੍ ਹੋਏ ਹਨ।
Publish Date: Mon, 13 Oct 2025 10:09 AM (IST)
Updated Date: Mon, 13 Oct 2025 10:14 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ,ਬਟਾਲਾ :ਲੰਘੇ ਸ਼ੁੱਕਰਵਾਰ ਦੀ ਰਾਤ ਨੂੰ ਬਟਾਲਾ ਦੇ ਖਜੂਰੀ ਗੇਟ ਨਜ਼ਦੀਕ ਇੱਕ ਬੂਟਾਂ ਦੀ ਦੁਕਾਨ 'ਤੇ ਹੋਈ ਅੰਨ੍ਹੇਵਾਹ ਫਾਇਰਿੰਗ ਵਿੱਚ ਹੋਈ ਦੋ ਨੌਜਵਾਨਾਂ ਦੀ ਮੌਤ ਦੇ ਰੋਸ ਵਜੋਂ ਹਿੰਦੂ ਸੰਗਠਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਅੱਜ 13 ਅਕਤੂਬਰ ਨੂੰ ਬਟਾਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਬਟਾਲਾ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਬਟਾਲਾ ਦੇ ਅੰਦਰੂਨੀ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ ਜਦਕਿ ਬਾਹਰਲੇ ਇਲਾਕਿਆਂ 'ਚ ਦੁਕਾਨਾਂ ਖੁਲ੍ਹੀਆਂ ਹੋਈਆਂ ਹਨ। ਉਧਰ ਪੁਲਿਸ ਪ੍ਰਸ਼ਾਸਨ ਨੇ ਸ਼ਿਵ ਸੈਨਾ ਸੰਗਠਨਾਂ ਦੇ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰ ਦਿੱਤਾ। ਸ਼ਿਵ ਸੈਨਾ ਸਮਾਜਵਾਦੀ ਦੇ ਸੂਬਾ ਆਗੂ ਰਾਜੀਵ ਮਹਾਜਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਬਟਾਲਾ ਪੁਲਿਸ ਵੱਲੋਂ ਉਸ ਨੂੰ ਘਰ 'ਚ ਕੀਤੇ ਗਏ ਨਜ਼ਰਬੰਦ ਦੀ ਪੁਸ਼ਟੀ ਕੀਤੀ ਹੈ। ਉਧਰ ਸ਼ਿਵ ਸੈਨ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਨਈਅਰ ਨੂੰ ਵੀ ਘਰ 'ਚ ਨਜ਼ਰਬੰਦ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ। ਹਾਲਾਂਕਿ ਬਟਾਲਾ ਬੰਦ ਦੇ ਚਲਦਿਆਂ ਪ੍ਰਾਈਵੇਟ ਵਿਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਹਨ ਜਦ ਕਿ ਸਰਕਾਰੀ ਵਿਦਿਅਕ ਅਦਾਰੇ ਅਤੇ ਸਰਕਾਰੀ ਅਦਾਰੇ ਖੁੱਲ੍ਹੇ ਹੋਏ ਹਨ। ਉਧਰ ਐਸਡੀਐਮ ਬਟਾਲਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਬਟਾਲਾ ਦੇ ਬਾਜ਼ਾਰ ਖੁੱਲ੍ਹੇ ਹੋਏ ਹਨ ਅਤੇ ਸਬਜ਼ੀ ਮੰਡੀ ਤੇ ਹੋਰ ਸਰਕਾਰੀ ਅਦਾਰੇ ਆਮ ਵਾਂਗ ਖੁੱਲ੍ਹੇ੍ ਹੋਏ ਹਨ। ਬੰਦ ਦੇ ਮੱਦੇ ਨਜ਼ਰ ਬਟਾਲਾ ਪੁਲਿਸ ਵੱਲੋਂ ਸ਼ਹਿਰ 'ਚ ਭਾਰੀ ਨਾਕਾਬੰਦੀ ਕੀਤੀ ਹੋਈ ਹੈ ਅਤੇ ਹਰ ਬਾਜ਼ਾਰ 'ਚ ਭਾਰੀ ਪੁਲਿਸ ਫੋਰਸ ਦਿਖਾਈ ਦੇ ਰਹੀ ਹੈ। ਉਧਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਘਟਨਾ ਦੇ ਦੋ ਦੋਸ਼ੀ ਫੜੇ ਗਏ ਹਨ ਅਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਫਿਰ ਵੀ ਲੋਕਾਂ ਦੇ ਮਨਾਂ 'ਚ ਗੋਲੀ ਕਾਂਡ ਨੂੰ ਲੈ ਕੇ ਰੋਸ ਹੈ ਜਿਸ ਕਾਰਨ ਬਾਜ਼ਾਰ ਬੰਦ ਹਨ।